ਬੀ.ਐੱਲ.ਓਜ਼ ਨੇ ਬਜ਼ੁਰਗ ਵੋਟਰਾਂ ਦੇ ਘਰ-ਘਰ ਜਾ ਕੇ ਦਿੱਤੇ ਸਨਮਾਨ ਪੱਤਰ
ਗੁਰਦਾਸਪੁਰ,2 ਅਕਤੂਬਰ (ਸਰਬਜੀਤ ਸਿੰਘ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਉਂਦਿਆਂ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ 100 ਸਾਲ ਤੋਂ ਵੱਧ ਉਮਰ ਦੇ 580 ਵੋਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੀ.ਐੱਲ.ਓਜ਼ ਵੱਲੋਂ ਘਰ-ਘਰ ਜਾ ਕੇ 100 ਸਾਲ ਤੋਂ ਵਧੇਰੀ ਉਮਰ ਦੇ ਵੋਟਰਾਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਭੇਜੇ ਗਏ ਸਨਮਾਨ ਪੱਤਰ ਦਿੱਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਵੋਟਰ ਸੂਚੀਆਂ ਦੇ ਅਧਾਰ ’ਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ 580 ਵੋਟਰ 100 ਤੋਂ ਵੱਧ ਉਮਰ ਦੇ ਹਨ। ਵਿਧਾਨ ਸਭਾ ਹਲਕਾ ਵਾਈਜ ਅੰਕੜੇ ਦੱਸਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 04-ਗੁਰਦਾਸਪੁਰ ਵਿੱਚ 49 ਵੋਟਰ 100 ਤੋਂ ਵੱਧ ਉਮਰ ਦੇ ਹਨ। ਇਸੇ ਤਰਾਂ 05-ਦੀਨਾਨਗਰ (ਅ.ਜ.) ਹਲਕੇ ਵਿੱਚ 80 ਵੋਟਰ, 06-ਕਾਦੀਆਂ ਹਲਕੇ ਵਿੱਚ 87 ਵੋਟਰ, 07-ਬਟਾਲਾ ਹਲਕੇ ਵਿੱਚ 62 ਵੋਟਰ, 08-ਸ੍ਰੀ ਹਰਗੋਬਿੰਦਪੁਰ ਸਾਹਿਬ (ਅ.ਜ.) ਹਲਕੇ ਵਿੱਚ 70 ਵੋਟਰ, 09-ਫ਼ਤਹਿਗੜ੍ਹ ਚੂੜੀਆਂ ਹਲਕੇ ਵਿੱਚ 121 ਵੋਟਰ ਅਤੇ 10-ਡੇਰਾ ਬਾਬਾ ਨਾਨਕ ਹਲਕੇ ਵਿੱਚ 111 ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 100 ਤੋਂ ਵੱਧ ਉਮਰ ਦੇ ਵੋਟਰਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਬੀ.ਐੱਲ.ਓਜ਼ ਅਤੇ ਸੁਪਰਵਾਈਜਰ ਵੱਲੋਂ ਸਨਮਾਨਤ ਕੀਤਾ ਗਿਆ ਹੈ। ਇਹ ਸਨਮਾਨ ਪੱਤਰ ਸ੍ਰੀ ਰਾਜੀਵ ਕੁਮਾਰ, ਮੁੱਖ ਚੋਣ ਕਮਿਸ਼ਨਰ, ਭਾਰਤ ਵੱਲੋਂ ਭੇਜੇ ਗਏ ਸਨ ਜਿਨ੍ਹਾਂ ਵਿੱਚ ਭਾਰਤ ਚੋਣ ਕਮਿਸ਼ਨ ਨੇ ਬਜ਼ੁਰਗ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਤੁਸੀਂ ਬਦਲਦੇ ਵਕਤ, ਸਮਾਜਿਕ-ਰਾਜਨੀਤਕ-ਆਰਥਿਕ ਸਮੀਕਰਨਾਂ ਅਤੇ ਦੇਸ਼ ਵਿੱਚ ਉਦਯੋਗਿਕ ਅਤੇ ਤਕਨੀਕੀ ਵਿਕਾਸ ਦੇ ਗਵਾਹ ਹੋ। ਤੁਸੀਂ ਚੋਣ ਪ੍ਰੀਕ੍ਰਿਆ ਨੂੰ ਮਜ਼ਬੂਤ ਕਰਨ ਅਤੇ ਚੋਣਾਂ ਨੂੰ ਸਹੀ ਅਰਥਾਂ ਵਿੱਚ ਸੁਤੰਤਰ, ਨਿਰਪੱਖ ਸੰਮਲਿਤ, ਸੁਗਮ ਅਤੇ ਸਹਿਭਾਗੀ ਬਣਾਉਣ ਲਈ ਸਾਡੇ ਲਗਾਤਾਰ ਉੱਦਮਾਂ ਦੇ ਵੀ ਗਵਾਹ ਹੋ। ਤੁਸੀਂ ਪਿਛਲੇ ਸਮੇਂ ਵਿੱਚ ਵੱਖ-ਵੱਖ ਚੋਣਾਂ ਦੌਰਾਨ ਆਪਣੀ ਵੋਟ ਪਾ ਕੇ ਆਪਣੀ ਸਰਕਾਰ ਚੁਣਨ ਵਿੱਚ ਆਪਣੇ ਹਰ ਇੱਕ ਵੋਟ ਦੇ ਮੁੱਲ ਦਾ ਸੱਚਾ ਭਾਵ ਸਿੱਧ ਕੀਤਾ ਹੈ। ਚੋਣ ਕਮਿਸ਼ਨ ਦੇਸ਼ ਵੱਲ ਲੋਕਤੰਤਰੀ ਕਰਤੱਵ ਨੂੰ ਪੂਰਾ ਕਰਨ ਲਈ ਤੁਹਾਡੇ ਤੋਂ ਮਿਲੀ ਤਾਕਤ, ਸਮਰੱਥਾ ਅਤੇ ਦ੍ਰਿੜ ਭਰੋਸੇ ਦਾ ਧੰਨਵਾਦ ਕਰਦਾ ਹੈ।
ਭਾਰਤ ਚੋਣ ਕਮਿਸ਼ਨ ਵੱਲੋਂ ਇਹ ਸਨਮਾਨ ਹਾਸਲ ਕਰਨ ਤੋਂ ਬਾਅਦ ਬਜ਼ੁਰਗ ਵੋਟਰਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਚੋਣ ਪ੍ਰੀਕ੍ਰਿਆ ਵਿੱਚ ਹਿੱਸਾ ਲੈਣ ਲਈ ਪ੍ਰੇਰਤ ਕਰੇਗਾ।