ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਲੋਂ ਪਾਣੀ ਅਤੇ ਪਰਾਲੀ ਦੀ ਸਾਂਭ-ਸੰਭਾਲ ਦੀਆਂ ਤਕਨੀਕਾਂ ਸਬੰਧੀ ਕੈਂਪ ਪਿੰਡ ਕਰਵਾਲ, ਗੁਰਦਾਸਪੁਰ ਵਿਖੇ ਲਗਾਈਆ ਗਿਆ। ਪਿੰਡ ਕਰਵਾਲ ਵਿਖੇ ਕੈਂਪ ਖੇਤਰੀ ਖੋਜ ਕੇਂਦਰ ਵਲੋਂ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਲਗਾਈਆ ਗਿਆ।
ਡਾ. ਜਗਦੀਸ਼ ਸਿੰਘ ਨੇ ਇਸ ਕੈਂਪ ਵਿਚ ਭਾਗ ਲੈਣ ਵਾਲੇ ਕਿਸਾਨਾਂ ਨੂੰ ਪੰਜਾਬ ਵਿਚ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਉਪਰਾਲੇ ਕਰਨ ਲਈ ਕਿਹਾ ਅਤੇ ਖੇਤੀ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਆ। ਡਾ. ਆਰ.ਐਸ ਛੀਨਾ ਨੇ ਵਾਤਾਵਰਨ ਦੀ ਸੰਭਾਲ ਅਤੇ ਸਫਾਈ ਰੱਖਣ ਲਈ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਜਮੀਨ ਵਿੱਚ ਹੀ ਗਾਲਣ ਲਈ ਨਵੀ ਤਕਨੀਕਾਂ ਜਿਵੇਂ ਹੈਪੀ ਸੀਡਰ, ਸੁਪਰ ਸੀਡਰ ਅਤੇ ਪੀ.ਏ.ਯੂ. ਸਮਾਟ ਸੀਡਰ ਅਪਨਾਉਣ ਲਈ ਕਿਹਾ ਅਤੇ ਇਹਨਾਂ ਤਕਨੀਕਾਂ ਨਾਲ ਦਰ ਪੇਸ਼ ਸਮਸਿਆਵਾਂ ਅਤੇ ਉਹਨਾਂ ਦੇ ਹੱਲ ਸਬੰਧੀ ਜਾਣਕਾਰੀ ਦਿੱਤੀ।
ਡਾ. ਸੁਨੀਲ ਕਸ਼ਯਪ ਨੇ ਕਿਸਾਨਾਂ ਨੂੰ ਬਾਸਮਤੀ, ਗੰਨੇ ਅਤੇ ਹੋਰ ਫਸਲਾਂ ਅਤੇ ਫਲਦਾਰ ਬੂਟੇ ਨੂੰ ਲੱਗਣ ਵਾਲੀਆ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਅਤੇ ਕੀਟ-ਨਾਸ਼ਕਾਂ ਤੇ ਉਲੀ-ਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਆ।
ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਦੇ ਨਿਰਦੇਸ਼ਕ ਡਾ. ਭੁਪਿੰਦਰ ਸਿੰਘ ਢਿਲੋਂ ਨੇ ਬਦਲਦੇ ਮੌਸਮ ਕਾਰਨ ਖੇਤੀਬਾੜੀ ਵਿਚ ਆਉਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਖੇਤਰੀ ਖੋਜ ਕੇਂਦਰ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨਾਂ ਨੂੰ ਪੈਦਾਵਾਰ ਅਤੇ ਗੁਣਵੱਤਾ ਵਧਾਉਣ ਲਈ ਖਾਦਾਂ, ਨਦੀਨ-ਨਾਸ਼ਕਾਂ ਅਤੇ ਕੀਟ-ਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨ ’ਤੇ ਜੋਰ ਦਿੱਤਾ। ਉਹਨਾਂ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਖੇਤੀ ਉਤਪਾਦ ਜਿਵੇਂ ਕਿ ਗੁੜ-ਸ਼ੱਕਰ, ਆਟਾ, ਬਿਸਕੁਟ, ਅਚਾਰ, ਮੁਰੱਬੇ ਆਦਿ ਬਣਾ ਕੇ ਵਧੇਰੇ ਆਮਦਨ ਪ੍ਰਾਪਤ ਕਰਨ ਲਈ ਪ੍ਰੇਰਿਆ।
ਕੈਂਪ ਵਿਚ ਮੁੱਖ ਫਸਲ ਗੰਨੇ ਅਤੇ ਹੋਰ ਫਸਲਾਂ ਅਤੇ ਫਲਦਾਰ ਬੂਟੇ ਦੀ ਸ੍ਾਂਭ-ਸੰਭਾਲ ਆਦਿ ਦੇ ਵਿਸ਼ਿਆਂ ’ਤੇ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਮਾਹਿਰਾਂ ਵੱਲੋਂ ਜਵਾਬ ਦਿੱਤੇ ਗਏ। ਇਸ ਮੌਕੇ ਮਾਸਟਰ ਰਣਜੀਤ ਸਿੰਘ ਤੇ ਗੁਰਨਾਮ ਸਿੰਘ ਨੇ ਆਏ ਹੋਏ ਕਿਸਾਨ ਭਰਾਵਾਂ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਦਾ ਕੈਂਪ ਲਗਾਉਣ ਲਈ ਅਤੇ ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।