ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪਰ ਨੇ ਸਾਲ 2024 ਦੌਰਾਨ 2411 ਨੌਜਵਾਨਾਂ ਨੂੰ ਨੌਂਕਰੀ ਦਿਵਾਈ

ਗੁਰਦਾਸਪੁਰ

7 ਸਵੈ-ਰੋਜ਼ਗਾਰ ਕੈਂਪ ਲਗਾ ਕੇ 473 ਪ੍ਰਾਰਥੀਆਂ ਦੇ ਲੋਨ ਕੇਸ ਵੱਖ-ਵੱਖ ਬੈਂਕਾਂ ਨੂੰ ਭੇਜੇ ਗਏ

ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਾਲ 2024 ਵਿੱਚ ਆਪਣੀ ਬੇਹਤਰ ਕਾਰਗੁਜ਼ਾਰੀ ਦਿਖਾਈ ਗਈ ਹੈ, ਜਿਸ ਤਹਿਤ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੱਲੋਂ ਇਸ ਸਾਲ 42 ਰੋਜ਼ਗਾਰ ਮੇਲੇ/ਪਲੇਸਮੈਂਟ ਕੈਂਪ ਲਗਾ ਕੇ 2411 ਪ੍ਰਾਰਥੀਆਂ ਨੂੰ ਵੱਖ-ਵੱਖ ਨਾਮੀ ਨਿੱਜੀ ਸੈਕਟਰ ਦੀਆਂ ਕੰਪਨੀਆਂ ਵਿੱਚ ਚੰਗੀਆਂ ਤਨਖ਼ਾਹਾਂ ਦੀ ਨੌਂਕਰੀ ਦਿਵਾਈ ਗਈ ਹੈ।

ਸਾਲ 2024 ਦੀ ਸਲਾਨਾ ਕਾਰਗੁਜ਼ਾਰੀ ਰਿਪੋਰਟ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਸਾਲ 2024 ਵਿੱਚ 1830 ਪ੍ਰਾਰਥੀਆਂ ਦੇ ਨਾਮ ਰਜਿਸਟਰ ਕੀਤੇ ਗਏ ਹਨ ਅਤੇ ਆਨਲਾਇਨ ਪੋਰਟਲ ਉਪਰ ਵੀ 1543 ਪਾ੍ਰਰਥੀਆਂ ਵੱਲੋਂ ਆਪਣਾ ਨਾਮ ਰਜਿਸਟਰ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਜ਼ਿਲ੍ਹੇ ਦੇ 197 ਸਕੂਲਾਂ ਤੇ 3 ਕਾਲਜਾਂ ਦੇੇ ਕੁੱਲ 15112 ਵਿਦਿਆਰਥੀਆਂ ਦੀ ਮਾਸ ਕਾਊਂਸਲਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਵੱਖ-ਵੱਖ 51 ਸਿੱਖਿਆਂ ਸੰਸਥਾਵਾਂ ਦੇ 1373 ਵਿਦਿਆਰਥੀਆਂ ਵਲੋਂ ਜ਼ਿਲ੍ਹਾ ਰੋਜਗਾਰ ਬਿਊਰੋ ਦਾ ਦੌਰਾ ਕੀਤਾ ਗਿਆ ਹੈ।

ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਮੁਫਤ ਪੰਜਾਬੀ ਅਤੇ ਅੰਗਰੇਜੀ ਟਾਇਪ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਅਤੇ ਇਸ ਸਾਲ 20 ਪ੍ਰਾਰਥੀਆਂ ਵੱਲੋਂ ਦਫਤਰ ਵਿਖੇ ਟਾਇਪ ਸਿੱਖੀ ਗਈ ਹੈ, ਜਿਨਾਂ ਵਿਚੋਂ 2 ਪ੍ਰਾਰਥੀ ਸਰਕਾਰੀ ਨੌਂਕਰੀ ਹਾਸਲ ਕਰਨ ਵਿੱਚ ਵੀ ਕਾਮਯਾਬ ਹੋਏ ਹਨ।

ਸ੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਇਸ ਸਾਲ 7 ਸਵੈ-ਰੋਜ਼ਗਾਰ ਕੈਂਪ ਲਗਾਏ ਗਏ, ਇਹਨਾਂ ਕੈਂਪਾਂ ਵਿਚ 473 ਪ੍ਰਾਰਥੀਆਂ ਨੇ ਹਿੱਸਾ ਲਿਆ ਅਤੇ ਉਹਨਾਂ ਨੇ ਲੋਨ ਕੇਸ ਵੱਖ-ਵੱਖ ਬੈਂਕਾਂ ਨੂੰ ਭੇਜੇ ਗਏ ਹਨ। ਇਸ ਤੋਂ ਇਲਾਵਾ ਦਫਤਰ ਵਲੋਂ 967 ਪ੍ਰਾਰਥੀਆਂ ਦੀ ਵਿਅਿਕਤੀਗਤ ਅਤੇ 617 ਪ੍ਰਾਰਥੀਆਂ ਦੀ ਗਰੁੱਪ ਕਾਊਂਸਲਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪਰ ਵੱਲੋਂ ਸਾਲ 2025 ਦੌਰਾਨ ਵੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੋਜ਼ਗਾਰ ਹਾਸਲ ਕਰਨ ਲਈ ਆਪਣਾ ਨਾਮ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਆਪਣਾ ਨਾਮ ਜ਼ਰੂਰ ਰਜਿਸਟਰ ਕਰਵਾਉਣ।

Leave a Reply

Your email address will not be published. Required fields are marked *