ਗੁਰਦਾਸਪੁਰ, 24 ਦਸੰਬਰ ( ਸਰਬਜੀਤ ਸਿੰਘ)– ਸੀਪੀਆਈ ਐਮਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਬੀਤੇ ਦਿਨੀਂ ਬਾਰਡਰ ਬੈਲਟ ਗੁਰਦਾਸਪੁਰ ਦੀਆਂ ਪੁਲਿਸ ਚੌਕੀਆਂ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨ ਮੈਂਬਰਾਂ ਨੂੰ ਗੁਰਦਾਸਪੁਰ ਪੁਲਸ ਅਤੇ ਯੂਪੀ ਪੁਲਸ ਵੱਲੋਂ ਪੀਲੀ ਪੀਤ ਵਿੱਚ ਪੁਲਸ ਮੁਕਾਬਲੇ ਵਿੱਚ ਮਾਰੇ ਜਾਣ ਅਤੇ ਮਾਰੇ ਗਏ ਦਹਿਸ਼ਤਗਰਦਾਂ ਦੇ ਪਿਛੋਕੜ ਬਾਰੇ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਕੇਂਦਰੀ ਏਜੰਸੀਆਂ ਬੇਰੁਜ਼ਗਾਰ ਅਤੇ ਗਰੀਬ ਪਰਿਵਾਰਾਂ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਭਾੜੇ ਦੇ ਆਧਾਰ ਤੇ ਵਰਤ ਕੇ ਬੰਬ ਧਮਾਕਿਆਂ ਵਰਗੀਆਂ ਕਾਰਵਾਈਆਂ ਕਰਵਾ ਰਹੀਆਂ ਹਨ ਤਾਂ ਜੋ ਪੰਜਾਬ ਅਤੇ ਦੇਸ਼ ਵਿੱਚ ਪੰਜਾਬ ਦੀਆਂ ਇਹਨਾਂ ਘਟਨਾਵਾਂ ਦੇ ਅਧਾਰ ਤੇ ਰਾਜਨੀਤੀ ਦਾ ਧਰੁਵੀਕਰਨ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕੇਂਦਰੀ ਏਜੰਸੀਆਂ ਖਾਲਿਸਤਾਨ ਦੇ ਮੁੱਦੇ ਨੂੰ ਵਿਦੇਸ਼ੀ ਸਿੱਖਾਂ ਸਮੇਤ ਪੰਜਾਬ ਵਿੱਚ ਉਭਾਰ ਕੇ 1980 ਵਿਆਂ ਵਰਗਾ ਮਾਹੌਲ ਸਿਰਜਣ ਦੇ ਯਤਨਾਂ ਵਿੱਚ ਹਨ ਪਰ ਉਹਨਾਂ ਦੀਆਂ ਇਨਾਂ ਡੂੰਘੀਆਂ ਸਾਜ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ ਕਿਉਂਕਿ ਮੁੱਠੀ ਭਰ ਨੌਜਵਾਨਾਂ ਨੂੰ ਛੱਡ ਕੇ ਪੰਜਾਬ ਦੇ ਸਿੱਖ ਨੌਜਵਾਨ ਕਦਾਚਿਤ ਖਾਲਿਸਤਾਨ ਦੇ ਨਾਅਰੇ ਪਾਸੇ ਮੁੜਨਾ ਨਹੀਂ ਚਾਹੁੰਦੇ ,ਜਿਸ ਕਾਰਨ ਏਜੰਸੀਆਂ ਬੇਰੁਜ਼ਗਾਰ ਅਤੇ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਪੈਸੇ ਦੇ ਲਾਲਚ ਵਿੱਚ ਗੁਮਰਾਹ ਕਰਕੇ ਵਰਤ ਰਹੀਆਂ ਹਨ। ਬੱਖਤਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੂੰ ਬੰਬ ਧਮਾਕਿਆਂ ਵਰਗੀਆਂ ਕਾਰਵਾਈਆਂ ਨੂੰ ਬੁਨਿਆਦੀ ਤੌਰ ਤੇ ਰੋਕਣ ਲਈ ਸਕੀ ਨੌਜਵਾਨਾਂ ਉੱਪਰ ਸਖਤੀ ਕਰਨ ਦੀ ਬਜਾਏ ਮਸਲੇ ਨੂੰ ਰਾਜਨੀਤਿਕ ਤੌਰ ਤੇ ਸਮਝਣਾ ਚਾਹੀਦਾ ਹੈ ਤਾਂ ਜੋ ਕੇਂਦਰੀ ਏਜੰਸੀਆਂ ਦੀਆਂ ਚਾਹਤਾਂ ਦੀ ਪੂਰਤੀ ਨਾ ਹੋ ਸਕੇ।


