ਸਵ. ਖੁਸ਼ਹਾਲ ਬਹਿਲ ਦੀ 97ਵੀਂ ਜਨਮ ਜਯੰਤੀ ਤੇ ਪੁੱਜੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ

ਗੁਰਦਾਸਪੁਰ

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਅਤੇ ਵਿਸ਼ਾਲ ਖੂਨਦਾਨ ਕੈਂਪ ਦਾ ਕੀਤਾ ਉਦਘਾਟਨ

ਚੇਅਰਮੈਨ ਰਮਨ ਬਹਿਲ ਦੀ ਅਗਵਾਈ ਵਿੱਚ ਲੋੜਵੰਦ ਲੋਕਾਂ ਲਈ ਲਗਾਏ ਕੈਂਪ ਸ਼ਲਾਘਾਯੋਗ ਕਾਰਜ-ਚੇਅਰਮੈਨ ਭੁੱਲਰ

ਕੈਬਨਿਟ ਮੰਤਰੀ ਭੁੱਲਰ ਅਤੇ ਚੇਅਰਮੈਨ ਰਮਨ ਬਹਿਲ ਨੇ ਸ਼ਹੀਦ ਪਰਿਵਾਰਾਂ ਨੂੰ ਕੀਤਾ ਸਨਮਾਨਿਤ

ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਵਿੱਚ 250 ਲੋੜਵੰਦ ਲੋਕਾਂ ਨੇ ਲਿਆ ਲਾਹਾ ਅਤੇ ਖੂਨਦਾਨ ਕੈਂਪ ਵਿੱਚ 83 ਯੂਨਿਟ ਇਕੱਤਰ ਹੋਇਆ ਖੂਨਦਾਨ

ਗੁਰਦਾਸਪੁਰ,11 ਨਵੰਬਰ (ਸਰਬਜੀਤ ਸਿੰਘ)– ਸਵ. ਖੁਸ਼ਹਾਲ ਬਹਿਲ ( ਸਾਬਕਾ ਮੰਤਰੀ, ਪੰਜਾਬ) ਦੀ 97ਵੀਂ ਜਨਮ ਜਯੰਤੀ ਮੌਕੇ ‘ ਸਮਰਪਣ ਦਿਵਸ ‘ ਗੁਰਦਾਸਪੁਰ ਪਬਲਿਕ ਸਕੂਲ, ਬਹਿਰਾਮਪੁਰ ਰੋਡ ਵਿਖੇ ਮਨਾਇਆ ਗਿਆ। ਜਿਸ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਚੇਅਰਮੈਨ ਰਮਨ ਬਹਿਲ ਵਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਲਗਾਏ ਗਏ ਕੈਂਪਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਚੇਅਰਮੈਨ ਰਮਨ ਬਹਿਲ ਵਲੋਂ 12 ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਵਿੱਚ 250 ਲੋੜਵੰਦ ਲੋਕਾਂ ਨੇ ਮੈਡੀਕਲ ਚੈੱਕਅੱਪ ਕਰਵਾਇਆ ਅਤੇ ਖੂਨਦਾਨ ਕੈਂਪ ਵਿੱਚ 83 ਯੂਨਿਟ ਖੂਨਦਾਨ ਇਕੱਤਰ ਹੋਇਆ।
ਇਸ ਮੌਕੇ ਸਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ, ਬਾਵਾ ਬਹਿਲ, ਹਨੀ ਬਹਿਲ, ਇੰਨਰਵੀਲ ਕਲੱਬ ਦੇ ਪ੍ਰਧਾਨ ਸੋਨੀਆ ਸੱਚਰ, ਸ਼ੈਲੀ ਮਹਾਜਨ ਸੈਕਰਟਰੀ, ਸ੍ਰੀਮਤੀ ਅਰਚਨਾ ਬਹਿਲ, ਐਮ.ਡੀ ਗੁਰਦਾਸਪੁਰ ਪਬਲਿਕ ਸਕੂਲ, ਸੁਨੀਤਾ ਸ਼ਰਮਾ, ਕੈਸ਼ਵ ਬਹਿਲ, ਸੰਗੀਤਾ ਮਲਹੋਤਰਾ, ਬਲੱਡ ਡੋਨਰਜ ਸੁਸਾਇਟੀ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਦੇ ਪ੍ਰਧਾਨ ਰਾਜੇਸ਼ ਬੱਬੀ, ਪ੍ਰਵੀਨ, ਚੇਅਰਮੈਨ ਭਾਰਤ ਭੂਸ਼ਣ ਸ਼ਰਮਾ, ਕੁੰਵਰ ਰਵਿੰਦਰ ਵਿੱਕੀ,ਚੇਅਰਮੈਨ ਸੁੱਚਾ ਸਿੰਘ ਮੁਲਤਾਨੀ, ਸਾਬਕਾ ਚੇਅਰਮੈਨ ਨੀਰਜ ਸਲਹੋਤਰਾ, ਨੈਸ਼ਨਲ ਐਵਾਰਡੀ ਰੋਮੋਸ ਮਹਾਜਨ, ਅਨੂੰ ਗੰਡੋਤਰਾ, ਅਭੈ ਮਹਾਜਨ,ਅਵਤਾਰ ਸਿੰਘ ਘੁੰਮਣ, ਹਰਪ੍ਰੀਤ ਸਿੰਘ ਰਾਣੂੰ,ਪੁਸ਼ਪਿੰਦਰ ਸਿੰਘ, ਸੁਖਵਿੰਦਰ ਮੱਲੀ,ਰਿਸ਼ਵ ਸ਼ਰਮਾ ਸਮੇਤ ਗੁਰਦਾਸਪੁਰ ਸ਼ਹਿਰ ਦੀਆਂ ਮੋਹਤਬਰ ਸਖਸ਼ੀਅਤਾਂ ਮੋਜੂਦ ਸਨ।
ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਵ: ਸ਼੍ਰੀ ਖੁਸ਼ਹਾਲ ਬਹਿਲ ਦੀ 97ਵੀਂ ਜਨਮ ਜਯੰਤੀ ਮੌਕੇ ਲੋੜਵੰਦ ਲੋਕਾਂ ਦੀ ਸਹੂਲਤ ਲਈ ਲਗਾਏ ਗਏ ਕੈਂਪ ਸਲਾਘਾਯੋਗ ਕਾਰਜ ਹਨ ਅਤੇ ਬਹਿਲ ਪਰਿਵਾਰ ਵਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਭੁੱਲਰ ਵਲੋਂ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਹਿਲ ਪਰਿਵਾਰ ਵਲੋਂ ਲੋੜਵੰਦ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਲੋਕਾਂ ਦੀ ਸਹੂਲਤਾਂ ਲਈ ਕੈਂਸਰ ਅਵੇਅਰਨੈੱਸ ਲੀਫਲੈੱਟ ਅਤੇ ਲੈਕਚਰ, ਸ਼ੂਗਰ ਅਤੇ ਬੀ.ਪੀ. ਚੈੱਕ-ਅੱਪ, ਡਾਕਟਰੀ ਜਾਂਚ ਅਤੇ ਸਲਾਹ, ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਲਈ ਪੈਪ-ਸਮੈਅਰ ਟੈਸਟ, ਬੰਦਿਆਂ ਦੇ ਗਦੂਦਾਂ ਦੀ ਜਾਂਚ ਲਈ ਪੀ.ਐਸ.ਏ. ਟੈਸਟ, ਬਲੱਡ ਕੈਂਸਰ ਦੀ ਜਾਂਚ ਟੈਸਟ, ਮੂੰਹ ਅਤੇ ਗਲੇ ਦਾ ਜਾਂਚ, ਹੱਡੀਆਂ ਦੀ ਜਾਂਚ ਲਈ ਟੈਸਟ, ਜਨਰਲ ਦਵਾਈਆਂ ਅਤੇ ਕੈਂਸਰ ਮਰੀਜ਼ਾਂ ਨੂੰ ਸਹੀ ਸਲਾਹ ਆਦਿ ਜਾਂਚ ਕੀਤੀ ਗਈ ਤੇ ਟੈਸਟ ਮੁਫ਼ਤ ਕੀਤੇ ਗਏ। ਇਸ ਕੈਂਪ ਲਈ ਵਰਲਡ ਕੈਂਸਰ ਕੇਅਰ ਸੁਸਾਇਟੀ ਅਤੇ ਇਨਰ ਵ੍ਹੀਲ ਕਲੱਬ, ਗੁਰਦਾਸਪੁਰ ਵੱਲੋਂ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਭੁੱਲਰ ਨੇ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਮਹਾਨ ਕਾਰਜ ਹੈ। ਖੂਨਦਾਨ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਇਸ ਲਈ ਹਰ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਇਸ ਕੈਂਪ ਲਈ ਬਲੱਡ ਡੋਨਰਜ਼ ਸੁਸਾਇਟੀ, ਗੁਰਦਾਸਪੁਰ , ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ, ਕਲਾਨੌਰ ਅਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਉਨ੍ਹਾਂ ਵਲੋਂ 12 ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਸ਼ਹੀਦ ਦੇਸ਼ ਦਾ ਕੀਮਤੀ ਸਰਮਾਇਆ ਹਨ ਅਤੇ ਇਨ੍ਹਾਂ ਦੀ ਬਦੌਲਤ ਹੀ ਅਸੀਂ ਆਪਣੇ ਘਰਾਂ ਵਿੱਚ ਮਹਿਫ਼ੂਜ਼ ਹਾਂ।
ਇਸ ਮੌਕੇ ਰਮਨ ਬਹਿਲ, ਚੈਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਪੰਜਾਬ ਸਰਕਾਰ, ਨੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਹਿਲ ਪਰਿਵਾਰ ਹਮੇਸ਼ਾ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ਲਗਾਉਣ ਦਾ ਇਹੀ ਮਕਸਦ ਸੀ ਕਿ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਜਿਸ ਵਿੱਚ ਲੋੜਵੰਦਾਂ ਨੇ ਕੈਂਪ ਦਾ ਪੂਰਾ ਲਾਭ ਲਿਆ ਹੈ।

Leave a Reply

Your email address will not be published. Required fields are marked *