ਗੁਰਦਾਸਪੁਰ, 1 ਨਵੰਬਰ (ਸਰਬਜੀਤ ਸਿੰਘ)– ਫੈਜਪਰਾ ਰੋਡ ਲਿਬਰੇਸ਼ਨ ਦਫਤਰ ਵਿਖੇ ਸੀਪੀਆਈਐਮਐਲ ਲਿਬਰੇਸ਼ਨ ਦੀ ਜਿਲ੍ਹਾਂ ਕਮੇਟੀ ਦੀ ਮੀਟਿੰਗ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਹੇਠ ਕਰਨ ਪਿੱਛੋਂ ਪਾਰਟੀ ਦੇ ਜਿਲ੍ਹਾਂ ਸਕੱਤਰ ਗੁਲਜਾਰ ਸਿੰਘ ਭੁਬਲੀ ਅਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਦੇ ਕਿਸਾਨਾਂ ਦੇ ਝੋਨੇ ਦੀ ਫਸਲ ਦੀ ਹੋ ਰਹੀ ਖੱਜਲ ਖਰਾਬੀ ਲਈ ਪੰਜਾਬ ਦੀ ਮਾਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਮੁੱਖ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਖਰੀਦ ਸ਼ੁਰੂ ਹੋਇਆ ਨੂੰ ਇੱਕ ਮਹੀਨਾ ਬੀਤ ਗਿਆ ਹੈ ਪਰ ਮਸਲੇ ਦਾ ਹੱਲ ਕਰਨ ਦੀ ਬਜਾਏ ਦੋਨੋਂ ਸਰਕਾਰਾਂ ਕਿਸਾਨਾਂ ਦੀ ਬਰਬਾਦੀ ਉੱਪਰ ਰਾਜਨੀਤੀ ਕਰ ਰਹੀਆਂ ਹਨ। ਪੰਜਾਬ ਦੇ ਸ਼ੈਲਰ ਮਾਲਕਾਂ ਨੂੰ ਕੇਂਦਰ ਸਰਕਾਰ ਦੁਆਰਾ ਦਿਲੀਂ ਵਿਚ ਬਲਾਉਣ ਉਪਰੰਤ ਵੀ ਕੇਂਦਰ ਸਰਕਾਰ ਨੇ ਸ਼ੈਲਰ ਮਾਲਕਾਂ ਦੀ ਕੋਈ ਮੰਗ ਪ੍ਰਵਾਨ ਨਹੀਂ ਕੀਤੀ ਅਤੇ ਪਿਛਲੇ ਦੋ ਸਾਲਾਂ ਦੇ ਚੌਲਾਂ ਦੇ ਸਟਾਕ ਨੂੰ ਚੁੱਕਣ ਲਈ ਹੰਗਾਮੀ ਰੇਲਾਂ ਦੇ ਪ੍ਰਬੰਧ ਕਰਨ ਦੀ ਬਜਾਏ ਆਮ ਪ੍ਰਬੰਧ ਵੀ ਨਹੀਂ ਕੀਤੇ ਗਏ, ਹੈਰਾਨੀ ਤਾਂ ਇਸ ਗੱਲ ਦੀ ਹੈ ਕੇਂਦਰ ਦੀ ਬਦਨੀਤੀ ਨੂੰ ਦੇਖਦਿਆਂ ਹੋਇਆ ਭਗਵੰਤ ਮਾਨ ਸਰਕਾਰ ਵੀ ਝੋਨੇ ਦੀ ਲਿਫਟਿੰਗ ਕਰਾਉਣ ਲਈ ਕੋਈ ਬਦਲਵੇ ਪ੍ਰਬੰਧ ਨਹੀਂ ਕਰ ਸਕੀ ਜਦੋਂ ਕਿ ਥੋੜੀ ਜਿਹੀ ਗੰਭੀਰਤਾ ਅਪਨਾਉਣ ਨਾਲ ਹੀ ਇਹ ਪ੍ਰਬੰਧ ਕੀਤੇ ਜਾ ਸਕਦੇ ਸਨ। ਅਫਸੋਸ ਦੀ ਗੱਲ ਹੈ ਕਿ ਜਦੋਂ ਕਿਸਾਨ ਗੰਭੀਰ ਸੰਕਟ ਵਿੱਚ ਫਸਿਆ ਹੋਇਆ ਹੈ ਉਸ ਸਮੇਂ ਆਮ ਆਦਮੀ ਪਾਰਟੀ ਆਪਸੀ ਕਲੇਸ਼ ਵਿੱਚ ਫਸੀ ਹੋਈ ਹੈ ਜਿਸ ਤੋਂ ਸਾਫ ਝਲਕਦਾ ਹੈ ਕਿ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰ ਰਿਹਾ ਹੈ। ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਕਿਸਾਨਾਂ ਦਾ ਜੋ ਹਾਲ ਹੋਇਆ ਹੈ ਕਿਸਾਨ ਕਿਸੇ ਵੀ ਹਾਲਤ ਵਿੱਚ ਇਹਨਾਂ ਪਾਰਟੀਆਂ ਨੂੰ ਮਾਫ ਨਹੀਂ ਕਰਨਗੇ। ਲਿਬਰੇਸ਼ਨ ਨੇ ਦੋਨਾਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀ ਬਰਬਾਦੀ ਉੱਪਰ ਰਾਜਨੀਤੀ ਕਰਨ ਦੀ ਬਜਾਏ ਝੋਨੇ ਦੀ ਖਰੀਦ ਦੀਆਂ ਰੁਕਾਵਟਾ ਨੂੰ ਫੌਰੀ ਦੂਰ ਕਰਕੇ ਕਿਸਾਨਾਂ ਨੂੰ ਰਾਹਤ ਪਹੁੰਚਾਈ ਜਾਵੇ। ਮੀਟਿੰਗ ਵਿੱਚ ਵਿਜੇ ਸੋਹਲ, ਅਸ਼ਵਨੀ ਲੱਖਣ ਕਲਾਂ, ਦਲਬੀਰ ਭੋਲਾ ਮਲਕਵਾਲ, ਹਰਜਿੰਦਰ ਪਿੰਟਾ ਤਲਵੰਡੀ ਭਰਥ ਅਤੇ ਬਚਨ ਸਿੰਘ ਤੇਜਾ ਕਲਾਂ ਸ਼ਾਮਲ ਸਨ।


