ਪੰਜਾਬ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਵਾਉਣ ਲਈ ਆਸ਼ਾ ਵਰਕਰ 10 ਨਵੰਬਰ ਨੂੰ ਕਲਾਨੌਰ ਵਿਖੇ ਕਰੇਗੀ ਰੋਸ਼ ਰੈਲੀ

ਗੁਰਦਾਸਪੁਰ

ਗੁਰਦਾਸਪੁਰ, 27 ਅਕਤੂਬਰ (ਸਰਬਜੀਤ ਸਿੰਘ)– ਕੱਚੇ ਤੇ ਮਾਣ ਭੱਤੇ ਵਰਕਰ ਮੋਰਚੇ ਵਲੋਂ ਪੰਜਾਬ ਦੇ ਚਾਰ ਜ਼ਿਮਨੀ ਚੋਣ ਵਾਲੇ ਹਲਕਿਆਂ ਵਿੱਚ ਪੰਜਾਬ ਸਰਕਾਰ ਨੂੰ ਚੋਣਾਵੀ ਵਾਅਦੇ ਯਾਦ ਕਰਵਾਉਣ ਲਈ ਗਿਦੜਬਾਹਾ, ਚੱਬੇਵਾਲ, ਕਲਾਨੌਰ ( ਡੇਰਾ ਬਾਬਾ ਨਾਨਕ) ਵਿਖੇ 10 ਨਵੰਬਰ ਨੂੰ ਰੋਸ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਜਿਸ ਵਿੱਚ ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ ਦੀਆਂ ਮਿਡ ਡੇ ਮੀਲ ਕੁੱਕ ਵਰਕਰਾਂ, ਆਸ਼ਾ ਵਰਕਰਾਂ ਅਤੇ ਫੈਸਲੀਟੇਟਰਜ ਵੱਡੀ ਗਿਣਤੀ ਵਿੱਚ ਕਲਾਨੌਰ ਵਿਖੇ ਭਾਗ ਲੈਣਗੀਆਂ। ਇਹ ਐਲਾਨ ਅੱਜ ਡੈਮੋਕ੍ਰੇਟਿਕ ਆਸ਼ਾ ਵਰਕਰਜ ਤੇ ਫੈਸੀਲੀਟੇਟਰਜ ਪੰਜਾਬ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਦੀ ਮੀਟਿੰਗ ਬਲਵਿੰਦਰ ਕੌਰ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਗੁਰਵਿੰਦਰ ਕੌਰ ਬਹਿਰਾਮਪੁਰ ਜਰਨਲ ਸਕੱਤਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਸ਼ਾ ਵਰਕਰਾਂ, ਮਿਡ ਡੇ ਮੀਲ ਕੁੱਕ ਵਰਕਰਾਂ ਨਾਲ ਪਿਛਲੀਆਂ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਸਾਰੀਆਂ ਵਰਕਰਾਂ ਦੀ ਤਨਖਾਹ ਦੁੱਗਣੀ ਕੀਤੀ ਜਾਵੇਗੀ। ਸਾਰੀਆਂ ਬਾਲਗ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਵਰਕਰਾਂ ਦਾ ਪੰਜ ਲੱਖ ਰੁਪਏ ਦਾ ਬੀਮਾ ਕੀਤਾ ਜਾਵੇਗਾ। ਕਿਸੇ ਵਰਕਰ ਦੀ ਮੌਤ ਹੋ ਜਾਣ ਤੇ ਉਸ ਦੇ ਵਾਰਸਾਂ ਨੂੰ ਨੌਕਰੀ ਅਤੇ ਅੰਤਰਿਮ ਰਿਲੀਫ਼ ਦਿੱਤੀ ਜਾਵੇਗੀ। ਜਲੰਧਰ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਸੀ ਕਿ ਵਰਕਰਾਂ ਨੂੰ 58 ਸਾਲ ਦੀ ਉਮਰ ਵਿੱਚ ਨੌਕਰੀ ਤੋਂ ਫਾਰਗ ਨਹੀਂ ਕੀਤਾ ਜਾਵੇਗਾ। ਅਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫੈਸੀਲੀਟੇਟਰਜ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਵਾਲੇ ਐਲਾਨ ਲਾਗੂ ਨਹੀਂ ਕੀਤੇ ਗਏ। ਮਿਡ ਡੇ ਮੀਲ ਕੁੱਕ ਬੀਬੀਆਂ ਦੀ ਲਗਾਤਾਰ ਛਾਂਟੀ ਕੀਤੀ ਜਾ ਰਹੀ ਹੈ। ਇਸ ਲਈ ਪੰਜਾਬ ਦੀਆਂ ਸਮੁੱਚੀਆਂ ਵਰਕਰਾਂ ਪੰਜਾਬ ਸਰਕਾਰ ਨੂੰ ਸਬਕ ਸਿਖਾਉਣ ਲਈ ਸੜਕਾਂ ਤੇ ਉੱਤਰਨ ਲਈ ਮਜਬੂਰ ਹੋ ਗਈਆਂ ਹਨ। ਉਹਨਾਂ ਝੂਠੀ ਸਰਕਾਰ ਦੇ ਝਾਂਸਿਆਂ ਵਿਚ ਨਾ ਆਉਣ ਦੀ ਅਪੀਲ ਕੀਤੀ ਹੈ। ਜਥੇਬੰਦੀ ਦੇ ਸਲਾਹਕਾਰ ਅਮਰਜੀਤ ਸ਼ਾਸਤਰੀ ਨੇ ਪੰਜਾਬ ਸਰਕਾਰ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਕਿਉਂਕਿ ਇਸ ਸਮੇਂ ਮੰਡੀਆਂ ਵਿੱਚ ਕਿਸਾਨਾਂ ਦਾ ਝੋਨਾ ਰੁਲ ਰਿਹਾ ਹੈ। ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਮੁੱਕਰ ਗਈ ਹੈ। ਮੁਲਾਜ਼ਮਾਂ ਨੂੰ 15 ਪ੍ਰਤੀ ਸਤ ਮਹਿੰਗਾਈ ਭੱਤਾ ਘੱਟ ਦਿੱਤਾ ਜਾ ਰਿਹਾ ਹੈ। ਪੱਕੇ ਮੁਲਾਜ਼ਮਾਂ ਦਾ 1800 ਕਰੋੜ ਰੁਪਏ ਦਾ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਰਕਮ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਅੱਜ ਦੀ ਮੀਟਿੰਗ ਵਿੱਚ ਗੁਰਿੰਦਰ ਕੌਰ ਸ਼ਾਹਪੁਰ ਕੋਟਲੀ, ਕਾਂਤਾ ਦੇਵੀ ਭੁੱਲਰ, ਮੀਰਾਂ ਕਾਹਨੂੰਵਾਨ, ਪਰਮਜੀਤ ਕੌਰ ਬਾਠਾਂ ਵਾਲਾ, ਕਰਮਜੀਤ ਕੌਰ ਨੌਸ਼ਹਿਰਾ ਮੱਝਾ ਸਿੰਘ, ਮਨਜੀਤ ਕੌਰ, ਰੁਪਿੰਦਰਜੀਤ ਕੌਰ , ਹਾਜ਼ਰ ਸਨ।

Leave a Reply

Your email address will not be published. Required fields are marked *