ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ, ਕਿਸਾਨਾਂ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਲੱਕੀ ਡਰਾਅ ਦੀ ਸਮੁੱਚੀ ਪ੍ਰੀਕ੍ਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਗਿਆ
ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋ ਕਿਸਾਨਾਂ ਨੂੰ ਸਾਲ 2022 ਵਿੱਚ ਖੇਤੀ ਸੰਦ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਆਨ-ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਜਿਸ ਤਹਿਤ ਸੁਪਰ ਸੀਡਰ ਲਈ ਪ੍ਰਾਪਤ ਅਰਜ਼ੀਆਂ ਦੇ ਲੱਕੀ ਡਰਾਅ ਅੱਜ ਸਵੇਰੇ ਸਥਾਨਕ ਪੰਚਾਇਤ ਭਵਨ ਵਿਖੇ ਕੱਢੇ ਗਏ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਕੰਵਲਪ੍ਰੀਤ ਸਿੰਘ, ਇੰਜੀ: ਦੀਪਕ ਖੇਤੀਬਾੜੀ ਇੰਜੀਨੀਅਰ, ਡਾ. ਪ੍ਰਭਜੋਤ ਸਿੰਘ ਡੀ.ਪੀ.ਓ, ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਚੀਮਾ ਬਰਿਆਰ, ਗੁਰਦਿਆਲ ਸਿੰਘ ਸੱਲੋਪੁਰ ਸਮੇਤ ਹੋਰ ਕਿਸਾਨਾਂ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਸਬਸਿਡੀ ’ਤੇ ਦਿੱਤੇ ਜਾਣ ਵਾਲੇ ਖੇਤੀ ਸੰਦ ਸੁਪਰ ਸੀਡਰ ਲਈ ਕਿਸਾਨਾਂ ਦੇ ਨਾਵਾਂ ਦੇ 91 ਲੱਕੀ ਕੱਢੇ ਗਏ। ਲੱਕੀ ਡਰਾਅ ਕੱਢਣ ਦੀ ਸਾਰੀ ਪ੍ਰੀਕ੍ਰਿਆ ਪੂਰੀ ਤਰਾਂ ਪਾਰਦਰਸ਼ੀ ਸੀ ਅਤੇ ਕਿਸਾਨਾਂ ਵੱਲੋਂ ਖੁਦ ਲੱਕੀ ਡਰਾਅ ਦੀਆਂ ਪਰਚੀਆਂ ਕੱਢੀਆਂ ਗਈਆਂ। ਇਸ ਮੌਕੇ ਸਮੁੱਚੀ ਪ੍ਰੀਕ੍ਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ।
ਲੱਕੀ ਡਰਾਅ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਖੇਤੀ ਸੰਦ ਦੇਣ ਲਈ ਵਿਅਕਤੀਗਤ ਪੱਧਰ, ਸਹਿਕਾਰੀ ਸਭਾ, ਪੰਚਾਇਤ ਅਤੇ ਐੱਫ.ਪੀ.ਓ. ਕੈਟਾਗਰੀਆਂ ਵਿੱਚ ਆਨ ਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਿਸਾਨਾਂ ਵੱਲੋਂ ਕੁੱਲ 2962 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਇਨਾਂ ਅਰਜ਼ੀਆਂ ਲਈ ਪਹਿਲਾਂ ਵੀ 30 ਅਗਸਤ ਨੂੰ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਖੇਤੀ ਸੰਦ ਦੇਣ ਲਈ ਲੱਕੀ ਡਰਾਅ ਕੱਢੇ ਗਏ ਸਨ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੁਪਰ ਸੀਡਰ ਮਸ਼ੀਨ ’ਤੇ 96:00 ਲੱਖ ਰੁਪਏ ਸਬਸਿਡੀ ਹੋਰ ਪਾਸ ਕੀਤੀ ਗਈ ਹੈ ਜਿਸ ਤਹਿਤ ਕਿਸਾਨਾਂ ਨੂੰ ਸਬਸਿਡੀ ’ਤੇ 91 ਸੁਪਰ ਸੀਡਰ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਪਰ ਸੀਡਰ ਕੈਟਾਗਰੀ ਵਿੱਚ ਅਰਜ਼ੀਆਂ ਜਿਆਦਾ ਹੋਣ ਕਾਰਨ ਅੱਜ ਫਿਰ 91 ਕਿਸਾਨਾਂ ਦੇ ਨਾਵਾਂ ਦਾ ਲੱਕੀ ਡਰਾਅ ਕੱਢਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਲੱਕੀ ਡਰਾਅ ਰਾਹੀਂ ਖੇਤੀ ਸੰਦ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਮਸ਼ੀਨਰੀ ਫਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਵਿੱਚ ਅਹਿਮ ਰੋਲ ਅਦਾ ਕਰੇਗੀ।