ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਨੂੰ ਨਕਲੀ ਫੂਡ ਇੰਸਪੈਕਟਰ ਦੀ ਮਿਲੀ ਸ਼ਿਕਾਇਤ

ਗੁਰਦਾਸਪੁਰ

ਨਕਲੀ ਫੂਡ ਇੰਸਪੈਕਟਰ ਦੁਕਾਨਦਾਰਾਂ ਨੂੰ ਡਰਾ ਧਮਕਾ ਕੇ ਮੰਗ ਰਿਹਾ ਸੀ ਪੈਸੇ

ਸਹਾਇਕ ਕਮਿਸ਼ਨਰ ਫੂਡ ਨੇ ਸਿਵਲ ਸਰਜਨ ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਦੇ ਧਿਆਨ ਵਿੱਚ ਲਿਆਂਦਾ ਮਾਮਲਾ

ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ) – ਗੁਰਦਾਸਪੁਰ ਦੇ ਦੁਕਾਨਦਾਰਾਂ ਵੱਲੋਂ ਸਹਾਇਕ ਕਮਿਸ਼ਨਰ ਫੂਡ ਡਾ.ਜੀ.ਐਸ. ਪੰਨੂ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਕਿ ਕੋਈ ਹਰਪ੍ਰੀਤ ਸਿੰਘ ਨਾਮ ਦਾ ਵਿਅਕਤੀ ਨਕਲੀ ਫੂਡ ਇੰਸਪੈਕਟਰ ਬਣਕੇ ਦੁਕਾਨਦਾਰਾਂ ਨੂੰ ਫੋਨ ਕਰਕੇ ਫੂਡ ਲਾਇਸੈਂਸ ਅਪਲਾਈ ਕਰਨ ਜਾਂ ਮੈਡੀਕਲ ਸਰਟੀਫਿਕੇਟ ਨਾ ਹੋਣ ਦੀ ਸੂਰਤ ਵਿੱਚ ਸੈਂਪਲ ਭਰਨ ਸਬੰਧੀ ਡਰਾ ਧਮਕਾ ਰਿਹਾ ਹੈ ਅਤੇ ਪੈਸਿਆਂ ਦੀ ਮੰਗ ਕਰ ਰਿਹਾ ਹੈ।

ਇਹ ਮਾਮਲਾ ਜਦੋਂ ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਡਾ. ਜੀ.ਐਸ. ਪੰਨੂ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਕਿਹਾ ਕਿ ਇਸ ਨਾਮ ਦਾ ਕੋਈ ਵੀ ਫੂਡ ਇੰਸਪੈਕਟਰ ਸਾਡੇ ਦਫਤਰ ਵਿੱਚ ਨਹੀ ਹੈ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਹੈ। ਇਸ ਲਈ ਜੇਕਰ ਕੋਈ ਵਿਅਕਤੀ ਕਿਸੇ ਵੀ ਦੁਕਾਨਦਾਰ ਨੂੰ ਅਜਿਹਾ ਕਰਕੇ ਡਰਾਉਂਦਾ ਧਮਕਾਊਦਾ ਹੈ ਅਤੇ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਇਸ ਸਬੰਧੀ ਸਾਡੇ ਦਫਤਰ ਵਿਖੇ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਦਾਰ ਅਜਿਹੇ ਨੌਸਰਬਾਜ਼ਾਂ ਤੋਂ ਸਾਵਧਾਨ ਰਹਿਣ।

ਡਾ. ਪੰਨੂ ਨੇ ਦੱਸਿਆ ਕਿ ਉਨ੍ਹਾਂ ਨੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਦੇ ਧਿਆਨ ਵਿੱਚ ਇਹ ਸਾਰਾ ਵਾਕਿਆ ਲਿਆਂਦਾ ਹੈ ਅਤੇ ਐਸ.ਐਸ.ਪੀ. ਗੁਰਦਾਸਪੁਰ ਨੂੰ ਵੀ ਇਹ ਪ੍ਰਾਪਤ ਹੋਈ ਸਿਕਾਇਤਾਂ ਮੂਲ ਰੂਪ ਵਿੱਚ ਭੇਜ ਦਿੱਤੀ ਹੈ ਅਤੇ ਨਾਲ ਅਜਿਹੇ ਨੌਸਰਬਾਜ਼ਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗਲਤ ਵਿਅਕਤੀ ਆਪਣੀ ਠੱਗੀ ਨਾਲ ਮਹਿਕਮੇ ਦਾ ਨਾਮ ਬਦਨਾਮ ਕਰ ਰਹੇ ਹਨ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਫੂਡ ਸੇਫ਼ਟੀ ਅਫ਼ਸਰ ਸ੍ਰੀ ਮਨੀਸ਼ ਸੋਢੀ, ਸ੍ਰੀਮਤੀ ਰੇਖਾ ਸ਼ਰਮਾ ਅਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸ੍ਰੀਮਤੀ ਗੁਰਿੰਦਰ ਕੌਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *