ਵਿਦਿਆਰਥੀ ਘੋਲ ਦੇ ਸ਼ਹੀਦਾਂ ਨੂੰ ਯਾਦ ਵਿਦਿਆਰਥੀਆਂ ਵੱਲੋਂ ਇਨਕਲਾਬੀ ਵਿਚਾਰਾਂ ਦੇ ਪ੍ਰਸਾਰ ਲਈ ਪੋਸਟਰ ਪ੍ਰਦਰਸ਼ਨੀ ਕੀਤੀ- ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ )– ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ 1972 ਤੋਂ ਲੈ ਕੇ 1976 ਤੱਕ ਚੱਲੇ ਵਿਦਿਆਰਥੀ ਘੋਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਇਨਕਲਾਬੀ ਵਿਚਾਰਾਂ ਦੇ ਪ੍ਰਸਾਰ ਲਈ ਪੋਸਟਰ ਪ੍ਰਦਰਸ਼ਨੀ ਕਰਦਿਆਂ ਯਾਦ ਕੀਤਾ ਗਿਆ।ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਲੰਬੇ ਸੰਘਰਸ਼ ਦਰਮਿਆਨ ਸ਼ਹੀਦੀਆਂ ਪ੍ਰਾਪਤ ਕਰਨ ਤੋਂ ਬਾਅਦ ਮਿਲੀ ਵਿਦਿਆਰਥੀ ਬੱਸ ਪਾਸ ਦੀ ਸਹੂਲਤ ਨੂੰ ਸਾਲ 2008 ਤੋਂ ਬਾਅਦ ਅੱਜ ਤੱਕ ਬਣੀਆਂ ਸਮੇਂ ਦੀਆਂ ਸਰਕਾਰਾਂ ਨੇ ਨਿੱਜੀ ਮੁਨਾਫ਼ੇ ਦੇ ਲਈ ਖ਼ਤਮ‌ ਕਰਨ ਵੱਲ ਧੱਕ ਦਿੱਤਾ ਹੈ ਅਤੇ ਵਿਦਿਆਰਥੀਆਂ ਦੀਆਂ ਜੇਬਾਂ ਉੱਤੇ ਬੋਝ ਵਧਾਇਆ ਹੈ। ਅੱਜ ਵਿਦਿਆਰਥੀ ਬੱਸ ਪਾਸ ਦੀ ਸਹੂਲਤ ਨੂੰ ਪ੍ਰਾਈਵੇਟ ਬੱਸਾਂ ਉੱਪਰ ਬਹਾਲ ਕਰਵਾਉਣ ਅਤੇ ਬਰਕਰਾਰ ਰੱਖਣ ਲਈ ਸੰਘਰਸ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੇ 64 ਸਰਕਾਰੀ ਕਾਲਜਾਂ ਵਿੱਚ ਲੰਬੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ਉੱਪਰ ਸੇਵਾਵਾਂ ਨਿਭਾ ਰਹੇ 825 ਗੈਸਟ ਫੈਕਲਟੀ ਪ੍ਰੋਫ਼ੈਸਰਾਂ ਨੂੰ ਕਾਲਜਾਂ ਵਿੱਚੋਂ ਬਾਹਰ ਕਰਕੇ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ,ਜਿਸਨੂੰ ਵਿਦਿਆਰਥੀਆਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਇਜ਼ਰਾਇਲ ਵੱਲੋਂ ਫਲਸਤੀਨ ਉੱਪਰ ਹਮਲੇ ਨੂੰ ਮਨੁੱਖਤਾ ਵਿਰੋਧੀ ਕਰਾਰ ਦਿੰਦਿਆਂ ਨਿਖੇਧੀ ਵੀ ਕੀਤੀ। ਨਵੀਂ ਸਿੱਖਿਆ ਨੀਤੀ 2020 ਨੂੰ ਵਿਦਿਆਰਥੀ ਵਿਰੋਧੀ ਕਰਾਰ ਦਿੰਦਿਆਂ ਵਿਦਿਆਰਥੀਆਂ ਦੇ ਵਿਸ਼ਿਆਂ ਦੀ ਗਿਣਤੀ ਵਿੱਚ ਕੀਤੇ ਵਾਅਦੇ ਨੂੰ ਜੇਕਰ “ਅਧਿਆਪਕ ਨਹੀਂ ਤਾਂ ਵਿਸ਼ੇ ਨਹੀਂ” ਨਾਅਰੇ ਤਹਿਤ ਵਾਪਸ ਲੈਂਦਿਆਂ ਨਵੀਂ ਸਿੱਖਿਆ ਨੀਤੀ ਨੂੰ ਵਾਪਸ ਲਏ ਜਾਣ ਦੀ ਮੰਗ ਵੀ ਕੀਤੀ। ਇਸ ਮੌਕੇ ਰੁਪਿੰਦਰ ਸਿੰਘ,ਅਰਸ਼ਦੀਪ ਸਿੰਘ,ਨਵਦੀਪ ਸਿੰਘ, ਅਵਤਾਰ ਸਿੰਘ ਅਤੇ ਦਿਲਪ੍ਰੀਤ ਸਿੰਘ ਆਦਿ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *