ਫਸਲ ਦੀ ਕਟਾਈ ਤੋਂ ਪਹਿਲਾਂ ਪੂਰੀ ਸੰਜੀਦਗੀ ਨਾਲ ਚਲਾਈ ਜਾਵੇ ਜਾਗਰੂਕਤਾ ਮੁਹਿੰਮ-ਏਡੀਸੀ ਸੁਰਿੰਦਰ ਸਿੰਘ

ਗੁਰਦਾਸਪੁਰ

ਜ਼ਿਲ੍ਹੇ ਦੇ ਸਮੂਹ ਖੇਤੀ ਅਧਿਕਾਰੀਆਂ ਤੇ ਸਹਿਕਾਰੀ ਸਭਾਵਾਂ ਦੇ ਇੰਸਪੈਕਟਰਾਂ ਨੂੰ ਜਾਰੀ ਕੀਤੇ ਨਿਰਦੇਸ਼
ਗੁਰਦਾਸਪੁਰ, 18 ਸਤੰਬਰ (ਸਰਬਜੀਤ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਗੁਰਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰਪਾਲ ਸਿੰਘ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸੰਜੀਵ ਕੁਮਾਰ, ਡੀਐਸਐਮ ਰਵੀ ਕੁਮਾਰ ਸਮੇਤ ਵਿਭਾਗ ਦੇ ਖੇਤੀਬਾੜੀ ਅਫਸਰਾਂ, ਖੇਤੀਬਾੜੀ ਵਿਸਥਾਰ ਅਫਸਰਾਂ, ਖੇਤੀਬਾੜੀ ਵਿਕਾਸ ਅਫਸਰਾਂ, ਸਹਾਇਕ ਰਜਿਸਟਰਾਰ ਅਤੇ ਸਭਾਵਾਂ ਦੇ ਸਮੂਹ ਇੰਸਪੈਕਟਰਾਂ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਰੁਝਾਨ ਨੂੰ ਮੁਕੰਮਲ ਤੌਰ ‘ਤੇ ਠੱਲ੍ਹ ਪਾਉਣ ਲਈ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਏਡੀਸੀ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫਸਲ ਦੀ ਕਟਾਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹਰੇਕ ਪਿੰਡ ਅੰਦਰ ਪਹੁੰਚ ਕਰਕੇ ਜਾਗਰੂਕਤਾ ਗਤੀਵਿਧੀਆਂ ਤੇਜ਼ ਕੀਤੀਆਂ ਜਾਣ। ਉਨਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦੇ ਯੋਗ ਪ੍ਰਬੰਧਨ ਲਈ ਸੁਚੇਤ ਕੀਤਾ ਜਾਵੇ ਅਤੇ ਪਰਾਲੀ ਨੂੰ ਅੱਗ ਲਗਾਏ ਬਗੈਰ ਹੀ ਨਿਪਟਾਉਣ ਦੇ ਤਰੀਕੇ ਦੱਸੇ ਜਾਣ। ਇਸ ਸੰਦਰਭ ਵਿਚ ਕਿਸਾਨਾਂ ਨੂੰ ਜੋ ਵੀ ਮੁਸ਼ਕਿਲ ਹੈ ਉਸ ਦਾ ਹੱਲ ਕੀਤਾ ਜਾਵੇ ਅਤੇ ਸਟਬਲ ਬਰਨਿੰਗ ਦੀ ਡਿਉਟੀ ਦੇ ਰਹੇ ਸਮੂਹ ਕਲਸਟਰ ਇੰਚਾਰਜ, ਨੋਡਲ ਅਫਸਰ ਆਪਣੇ ਅਧੀਨ ਪਿੰਡਾਂ ਵਿਚ ਹੁਣ ਤੋਂ ਹੀ ਸਰਗਰਮ ਰਹਿਣ। ਉਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਪਿਛਲੇ ਸਾਲਾਂ ਵਿਚ ਰਹਿੰਦ ਖੂੰਹਦ ਨੂੰ ਅੱਗ ਲਗਾਈ ਸੀ, ਉਨਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਹੋਰ ਕਿਸਾਨਾਂ ਤੱਕ ਵੀ ਪਹੁੰਚ ਕਰਕੇ ਅੱਗ ਲੱਗਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਜਾਵੇ। ਖਾਸ ਤੌਰ ‘ਤੇ ਪਿਛਲੇ ਸਾਲ ਦੌਰਾਨ ਜਿਹੜੇ ਪਿੰਡਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਜਿਆਦਾ ਗਿਣਤੀ ਵਿੱਚ ਵਾਪਰੀਆਂ ਸਨ, ਉਥੇ ਵਿਸ਼ੇਸ਼ ਚੌਕਸੀ ਰੱਖਦੇ ਹੋਏ ਯੋਜਨਾਬੱਧ ਢੰਗ ਨਾਲ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾਣ ਤੇ ਕਿਸਾਨਾਂ ਨੂੰ ਵਾਤਾਵਰਣ ਦੇ ਰਾਖੇ ਵਜੋਂ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਨੂੰ ਪਿੰਡ ਪੱਧਰ ‘ਤੇ ਜਾਗਰੂਕਤਾ ਕੈਂਪ ਲਗਾਉਣ ਦੀ ਹਦਾਇਤ ਕੀਤੀ। ਏਡੀਸੀ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਧਰਤੀ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ, ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੁੰਦਾ ਹੈ। ਇਸ ਲਈ ਖੇਤਾਂ ਵਿਚ ਲੱਗਣ ਵਾਲੀ ਅੱੱਗ ਰੋਕਣ ਲਈ ਪੂਰੀ ਸੰਜੀਦਗੀ ਨਾਲ ਡਿਊਟੀ ਕੀਤੀ ਜਾਵੇ। ਉਨਾਂ ਕਿਹਾ ਕਿ ਇਸ ਡਿਊਟੀ ਵਿਚ ਕਿਸੇ ਵੀ ਤਰਾਂ ਦੀ ਲਾਪਰਵਾਹੀ ਬਰਦਾਸ਼ਤ ਨਹੀ ਹੋਵੇਗੀ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰਪਾਲ ਸਿੰਘ ਅਤੇ ਡਿਪਟੀ ਰਜਿਸਟਰਾਰ ਸੰਜੀਵ ਕੁਮਾਰ ਨੇ ਕਿਹਾ ਕਿ ਉਨਾਂ ਅਧੀਨ ਕੰਮ ਰਿਹਾ ਸਟਾਫ ਪੂਰੀ ਤਨਦੇਹੀ ਨਾਲ ਡਿਊਟੀ ਕਰੇਗਾ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

Leave a Reply

Your email address will not be published. Required fields are marked *