23 ਸਤੰਬਰ ਨੂੰ ਲਗਾਇਆ ਜਾਵੇਗਾ ਐਨ ਐਚ ਐਮ ਦਫ਼ਤਰ ਅੱਗੇ ਧਰਨਾ
ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ)– ਸੂਬਾ ਪੰਜਾਬ ਵਿੱਚ ਐਨ ਐਚ ਐਮ ਅਧੀਨ ਪੇਂਡੂ ਖ਼ੇਤਰਾਂ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਕਮਿਊਨਟੀ ਹੈਲਥ ਅਫ਼ਸਰਾਂ ਨੂੰ ਸੈਂਟਰਾਂ ਉੱਤੇ ਕੰਮ ਕਰਨ ਲਈ ਨਹੀਂ ਮਿਲ ਰਹੀਆਂ ਮੁੱਢਲੀਆਂ ਸਹੂਲਤਾਂ। ਇਸ ਤੋਂ ਇਲਾਵਾ ਓਹ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ ਅਤੇ ਅਪਣੀਆਂ ਘਰੇਲੂ ਜਰੂਰਤਾਂ ਪੂਰੀਆਂ ਕਰਨ ਵਿੱਚ ਅਸਮਰਥ ਹੋ ਰਹੇ ਹਨ।ਪ੍ਰੈੱਸ ਨਾਲ਼ ਗੱਲ ਕਰਦਿਆਂ ਕਮਿਊਨਿਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡਾਂ ਵਿੱਚ ਬਣੇ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੇ ਹਨ ਅਤੇ ਉਹਨਾਂ ਵੱਲੋਂ ਕਰੋਨਾ ਕਾਲ ਅਤੇ ਹੜ੍ਹਾਂ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਵੱਢੀ ਭੂਮਿਕਾ ਨਿਭਾਈ ਗਈ । ਇਸ ਤੋਂ ਇਲਾਵਾ ਸਰਕਾਰ ਦੁਆਰਾ ਚਲਾਏ ਜਾ ਰਹੇ ਹਰ ਛੋਟੇ ਵੱਡੇ ਸਿਹਤ ਸਬੰਧੀ ਪ੍ਰੋਗਰਾਮਾਂ ਨੂੰ ਉਹਨਾਂ ਵੱਲੋਂ ਪਿੰਡ – ਪਿੰਡ ਲਾਗੂ ਕਰਨ ਵਿੱਚ ਵੱਡਾ ਯੋਗਦਾਨ ਦਿੱਤਾ ਜਾਂਦਾ ਹੈ। ਜ਼ਮੀਨੀ ਪੱਧਰ ਉਤੇ ਪਿਛਲੇ ਲਮੇ ਸਮੇਂ ਤੋਂ ਉਨ੍ਹਾਂ ਨੂੰ ਕੰਮ ਕਰਦਿਆਂ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਬਾਰੇ ਵਿਭਾਗ ਅਤੇ ਸਰਕਾਰ ਨੂੰ ਸਮੇਂ ਸਮੇਂ ਤੇ ਜਾਣੂ ਵੀ ਕਰਵਾਇਆ ਗਿਆ ਪਰ ਸਰਕਾਰ ਜਾਂ ਵਿਭਾਗ ਵੱਲੋਂ ਇਸ ਨੂੰ ਹੱਲ ਕਰਨ ਲਈ ਕਿਸੀ ਵੀ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਪਿੱਛਲੇ ਲੰਮੇ ਸਮੇਂ ਤੋਂ ਲਟਕਦਿਆਂ ਆ ਰਹੀਆਂ ਆਪਣੀਆਂ ਮੰਗਾਂ ਸਬੰਧੀ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ । ਪਿੱਛਲੇ ਦਿਨੀਂ ਯੂਨੀਅਨ ਦੇ ਆਗੂਆਂ ਵੱਲੋਂ ਮਾਣਯੋਗ ਸਿਹਤ ਮੰਤਰੀ ਡਾ ਬਲਵੀਰ ਸਿੰਘ ਅਤੇ ਮੁੱਖ ਮੰਤਰੀ ਸਾਹਿਬ ਦੀ ਧਰਮਪਤਨੀ ਡਾ ਗੁਰਪ੍ਰੀਤ ਕੌਰ ਜੀ ਨਾਲ਼ ਵੀ ਮੁਲਾਕਾਤ ਕੀਤੀ ਪਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ । 16 ਜੁਲਾਈ ਨੂੰ ਯੂਨੀਅਨ ਨੂੰ ਮੁੱਖਮੰਤਰੀ ਸਾਹਿਬ ਨਾਲ਼ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਅਤੇ 15 ਜੁਲਾਈ( ਮੀਟਿੰਗ ਤੋਂ ਇੱਕ ਦਿਨ ਪਹਿਲਾਂ )ਮੀਟਿੰਗ ਪੋਸਟਪੋਨ ਕਰ ਦਿੱਤੀ ਗਈ ਅਤੇ ਹਾਲੇ ਤੱਕ ਵੀ ਮੀਟਿੰਗ ਦੀ ਕੋਈ ਤਰੀਕ ਨਹੀਂ ਦਿੱਤੀ ਗਈ ਜਿਸ ਨਾਲ਼ ਪੂਰੇ ਪੰਜਾਬ ਦੇ ਮਲਾਜ਼ਮਾਂ ਵਿੱਚ ਭਾਰੀ ਰੋਸ ਹੈ । ਮਿਤੀ 11/9/24 ਨੂੰ ਕੈਬਨਿਟ ਸਬ ਕਮੇਟੀ ਨਾਲ ਰੱਖੀ ਗਈ ਮੀਟਿੰਗ ਵੀ ਬੇਸਿੱਟਾ ਰਹੀ। *ਇੰਜ ਜਾਪਦਾ ਹੈ ਕਿ ਵਿਭਾਗ ਅਤੇ ਸਰਕਾਰ ਲਈ ਸੂਬਾ ਪੰਜਾਬ ਵਿੱਚ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰ ਰਹੇ ਹੈਲਥ ਅਫਸਰਾਂ ਅਤੇ ਪਿੰਡਾਂ ਵਿੱਚ ਉਨ੍ਹਾਂ ਕੋਲੋਂ ਸਿਹਤ ਸੇਵਾਂਵਾਂ ਦਾ ਲਾਭ ਉਠਾ ਰਹੇ ਆਮ ਲੋਕਾਂ ਦੀ ਸਿਹਤ ਕੁਝ ਖ਼ਾਸ ਮਾਇਨੇ ਨਹੀਂ ਰੱਖਦੀ।ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਉਹਨਾਂ ਦੇ ਤਿੰਨ ਮਹੀਨੇ ਦੇ ਇੰਸੈਂਟਿਵ ਰੋਕੇ ਗਏ ਹਨ ਜੋ ਤਨਖ਼ਾਹ ਦਾ 40 ਫ਼ੀਸਦੀ ਹਿੱਸਾ ਹੈ ਅਤੇ ਅੱਜ ਦੀ ਵੱਧਦੀ ਹੋਈ ਮਹਿੰਗਾਈ ਦੇ ਸਮੇਂ ਵਿੱਚ ਅੱਧੀ ਤਨਖ਼ਾਹ ਨਾਲ਼ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਇਸ ਸਭ ਤੋਂ ਪਰੇਸ਼ਾਨ ਹੋਕੇ ਸਾਰਿਆਂ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਦੇ 2500 ਸੀ ਐੱਚ ਓ 19 ਸਤੰਬਰ 2024 ਤੋਂ ਸਾਰਾ ਆਨਲਾਈਨ – ਆਫ ਲਾਈਨ ਕੰਮ ਠੱਪ ਕਰ ਦੇਣਗੇ । 23/9/24 ਨੂੰ ਐਨ ਐਚ ਐਮ ਦਫ਼ਤਰ ਅੱਗੇ ਲਗਾਇਆ ਜਾਵੇਗਾ ਧਰਨਾ।ਜਿਸ ਨਾਲ ਪਿੰਡਾ ਵਿੱਚ ਮਿਲਨ ਵਾਲੀਆਂ ਸਾਰੀਆਂ ਸਿਹਤ ਸੇਵਾਵਾਂ ਠੱਪ ਹੋ ਜਾਣਗੀਆਂ ਜਿਸਦੀ ਨਿਰੋਲ ਜ਼ਿੰਮੇਵਾਰੀ ਵਿਭਾਗ ਅਤੇ ਸਰਕਾਰ ਦੀ ਹੋਵੇਗੀ। ਉਹਨਾਂ ਵੱਲੋਂ ਆਪਣੀਆਂ ਮੰਗਾਂ ਦੋਹਰਾਉਂਦੇ ਹੋਏ ਕਿਹਾ ਗਿਆ ਕਿ ਵਿਭਾਗ ਵੱਲੋਂ ਉਹਨਾਂ ਦੇ 3 ਮਹੀਨੇ ਦੇ ਰੋਕੇ ਹੋਏ ਪੈਸੇ ਦਿੱਤੇ ਜਾਣ, ਮੁੱਢਲੀ ਤਨਖ਼ਾਹ ਵਿੱਚ ਸੋਧ ਕਰਕੇ ਬਾਕੀ ਸੂਬਿਆਂ ਦੇ ਬਰਾਬਰ ਤਨਖ਼ਾਹ ਕੀਤੀ ਜਾਵੇ, ਐਨ ਐੱਚ ਐਮ ਮੁਲਾਜ਼ਮਾਂ ਦਾ ਲੋਇਲਟੀ ਬੋਨਸ ਜਾਰੀ ਕੀਤਾ ਜਾਵੇ, ਉਹਨਾਂ ਦੇ ਤਨਖ਼ਾਹ ਅਤੇ ਇਨਸੈਂਟਿਵ ਮਰਜ਼ ਕੀਤੇ ਜਾਣ ।ਜੇਕਰ ਫਿਰ ਸੁਣਵਾਈ ਨਹੀਂ ਹੁੰਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਜਿਮਨੀ ਚੋਣਾਂ ਅਤੇ ਪੰਚਾਇਤੀ ਚੌਣਾਂ ਵਿੱਚ ਉਹ ਸਾਰੇ ਪੰਜਾਬ ਵਿੱਚ ਲੜੀਵਾਰ ਰੈਲੀਆਂ ਕਰਨਗੇ ਅਤੇ ਲੋਕਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਜਾਗਰੂਕ ਕਰਨਗੇ । ਉਹਨਾਂ ਨਾਲ਼ ਜ਼ਿਲ੍ਹਾ ਮੋਹਾਲੀ ਤੋਂ ਦੀਪਸ਼ਿਖਾ , ਫ਼ਿਰੋਜ਼ਪੁਰ ਤੋਂ ਡਾ ਪ੍ਰੀਤ ਮਖੀਜਾ ਤੇ ਨਰਿੰਦਰ ਸਿੰਘ,ਰੂਪਨਗਰ ਤੋਂ ਤਰਜਿੰਦਰ ਕੌਰ, ਫਤਿਹਗੜ੍ਹ ਸਾਹਿਬ ਤੋਂ ਸਿਮਰਨਜੀਤ ਕੌਰ , ਤਰਨ ਤਾਰਨ ਤੋਂ ਜੈਸਮੀਨ, ਲੁਧਿਆਣਾ ਤੋਂ ਡਾ ਬਲਵੀਰ ਤੇ ਹਰਪਿੰਦਰ ਕੌਰ, ਬਠਿੰਡਾ ਤੋਂ ਰਮਨਵੀਰ ਕੌਰ, ਫ਼ਾਜ਼ਿਲਕਾ ਤੋਂ ਕੁਲਦੀਪ ਸਿੰਘ , ਸ਼੍ਰੀ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ, ਮੈਜਰ ਸਿੰਘ, ਓਮ ਪ੍ਰਕਾਸ਼ ਨੰਦੀਵਾਲ , ਬਲਕਰਨ ਸਿੰਘ, ਸੰਗਰੂਰ ਤੋਂ ਨਿਸ਼ਾ ਅਗਰਵਾਲ, ਮਾਨਸਾ ਤੋਂ ਦਵਿੰਦਰ ਸਿੰਘ, ਸੰਜੀਵ ਗਡਾਈ, ਮਲੇਰਕੋਟਲਾ ਤੋਂ ਡਾ ਜਤਿੰਦਰ ਸਿੰਘ, ਫ਼ਰੀਦਕੋਟ ਤੋਂ ਸੰਦੀਪ ਸਿੰਘ, ਪਠਾਨਕੋਟ ਤੋਂ ਡਾ ਵਿਮੁਕਤ, ਗੁਰਦਾਸਪੁਰ ਤੋਂ ਡਾ ਰਵਿੰਦਰ ਕਾਹਲੋਂ, ਸੂਰਜ ਪ੍ਰਕਾਸ਼, ਵਿਕਾਸ ਜੋਇਲ ਆਦੀ ਹਾਜ਼ਰ ਸਨ ।।