ਗੁਰਦਾਸਪੁਰ, 1 ਸਤੰਬਰ (ਸਰਬਜੀਤ ਸਿੰਘ)– ਅੱਜ ਫੈਜਪੁਰਾ ਰੋਡ ਦੇ ਲਿਬਰੇਸ਼ਨ ਦਫ਼ਤਰ ਵਿਖੇ ਏਟਕ,ਸੀਟੂ,ਸੀ ਟੀ ਯੂ ਅਤੇ ਏਕਟੂ ਦੇ ਆਗੂਆਂ ਨੇ ਮੀਟਿੰਗ ਕਰਕੇ ਮਾਨ ਸਰਕਾਰ ਵਲੋਂ ਪਟਵਾਰੀਆਂ ਦੀ ਕਲਮ ਛੋੜ ਹੜਤਾਲ ਵਿਰੁੱਧ ਲਾਏ ਗਏ ਐਸਮਾ ਕਨੂੰਨ ਨੂੰ ਜਮਹੂਰੀਅਤ ਵਿਰੋਧੀ ਦਸਦਿਆਂ ਟਰੇਡ ਯੂਨੀਅਨ ਆਗੂ ਰਣਬੀਰ ਸਿੰਘ ਵਿਰਕ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਜਰਨੈਲ ਸਿੰਘ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਹੜਤਾਲ ਦੇ ਦਿਤੇ ਸਦੇ ਵਿਚ ਅਜੇ 10 ਦਿਨ ਬਾਕੀ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੁਲਾਜ਼ਮਾਂ ਨਾਲ ਕੋਈ ਗਲਬਾਤ ਕਰਨ,ਕੋਈ ਚੇਤਾਵਨੀ ਜਾਂ ਕੋਈ ਨੋਟਿਸ ਦੇਣ ਆਦਿ ਦੀ ਬਜਾਏ ਸਿਧਾ ਜ਼ਰੂਰੀ ਸੇਵਾਵਾਂ ਸਬੰਧੀ ਕਨੂੰਨ (ਐਸਨਸੀਅਲ ਸਰਵਿਸਿਜ਼ ਮੇਨਟੇਨੈਨਸ ਐਕਟ) ਲਾਉਣ ਦੇ ਕੀਤੇ ਗਏ ਐਲਾਨ ਤੋਂ ਮੁਖ ਮੰਤਰੀ ਦੇ ਹੰਕਾਰ ਦੀ ਬਦਬੋ ਆਉਂਦੀ ਹੈ, ਇਸ ਨੂੰ ਹੀ ਤਾਨਾਸ਼ਾਹੀ ਕਿਹਾ ਜਾਂਦਾ ਹੈ। ਆਗੂਆਂ ਕਿਹਾ ਕਿ ਕਿ ਸਰਕਾਰ ਦੀ ਇਸ ਦਲੀਲ ਵਿਚ ਕੋਈ ਦਮ ਨਹੀਂ ਕਿ ਮੁਲਾਜ਼ਮਾਂ ਦੀ ਹੜਤਾਲ ਕਾਰਨ ਜਨਤਾ ਦੀ ਖਜ਼ਲ ਖ਼ੁਆਰੀ ਹੁੰਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਆਪਣੀ ਸਰਕਾਰ ਬਣਾਉਣ ਲਈ ਜੋ ਵਾਇਦੇ ਕੀਤੇ ਸਨ ਮੁਲਾਜ਼ਮ ਉਨ੍ਹਾਂ ਵਾਇਦਿਆ ਨੂੰ ਪੂਰਾ ਕਰਾਉਣ ਲਈ ਹੀ ਹੜਤਾਲ ਤੇ ਜਾ ਰਹੇ ਹਨ। ਚੋਣਾਂ ਦੌਰਾਨ ਇਨ੍ਹਾਂ ਆਗੂਆਂ ਨੇ ਚੀਕ ਚੀਕ ਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਦਫ਼ਤਰਾਂ ਵਿਚ ਖਾਲੀ ਅਸਾਮੀਆਂ ਭਰਨ ਸਮੇਤ ਮੁਲਾਜ਼ਮਾਂ ਅਤੇ ਜਨਤਾ ਨਾਲ ਹੋਰ ਕਈ ਤਰ੍ਹਾਂ ਦੇ ਵਾਇਦੇ ਕੀਤੇ ਸਨ ਜਿਨ੍ਹਾਂ ਵਾਇਦਿਆ ਤੋਂ ਸਰਕਾਰ ਹੁਣ ਬੱਚਣ ਲਈ ਮੁਲਾਜ਼ਮਾਂ ਵਿਰੁੱਧ ਐਸਮਾ ਲਗਾ ਰਹੀ ਹੈ। ਸ਼ਹੀਦ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਾਉਣ ਵਾਲੇ ਮੁੱਖ ਮੰਤਰੀ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਹੀ ਕਾਲਾ ਕਾਨੂੰਨ ਸੀ ਜਿਸ ਦਾ ਵਿਰੋਧ ਕਰਨ ਲਈ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਹੌਰ ਅਸੈਂਬਲੀ ਵਿੱਚ ਧਮਾਕਾ ਕੀਤਾ ਸੀ। ਆਗੂਆਂ ਕਿਹਾ ਕਿ ਪੰਚਾਇਤਾਂ ਭੰਗ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੀ ਤਰ੍ਹਾਂ ਮੁੱਖ ਮੰਤਰੀ ਨੂੰ ਐਸਮਾ ਵੀ ਵਾਪਸ ਲੈਣ ਲਈ ਪੰਜਾਬ ਦੀ ਜਨਤਾ ਮਜਬੂਰ ਕਰ ਦੇਵੇਗੀ, ਉਨ੍ਹਾਂ ਕਿਹਾ ਕਿ ਪੰਜਾਬ ਦੀ ਅਫ਼ਸਰਸ਼ਾਹੀ ਮਾਨ ਸਰਕਾਰ ਨੂੰ ਕਬਰਾਂ ਦੇ ਰਾਹ ਵੱਲ ਧੱਕ ਰਹੀ ਹੈ ਪਰ ਸਰਕਾਰ ਨੂੰ ਕੁਝ ਪਤਾ ਨਹੀਂ ਚਲ ਰਿਹਾ। ਸਰਕਾਰ ਦੇ ਭਿਰਸ਼ਟਾਚਾਰ ਰੋਕਣ ਦੇ ਦਾਅਵੇ ਵੀ ਝੂਠੇ ਹਨ।ਮਾਨ ਸਰਕਾਰ ਹੀ ਹੈ ਜਿਸ ਨੇ ਆਈ ਐਸ, ਪੀ ਸੀ ਐਸ ਅਤੇ ਆਪਣੇ ਮੰਤਰੀਆਂ, ਐਮ ਐਲ ਏਜ ਦੇ ਭਿਰਸ਼ਟਾਚਾਰ ਅਗੇ ਗੋਡੇ ਟੇਕ ਰੱਖੇ ਹਨ। ਮੀਟਿੰਗ ਵਿੱਚ ਗੁਲਜ਼ਾਰ ਸਿੰਘ ਭੁੰਬਲੀ, ਜਗੀਰ ਸਿੰਘ ਕਿਲਾ ਲਾਲ ਸਿੰਘ, ਪਿੰਟਾ ਤਲਵੰਡੀ ਭਰਥ ਅਤੇ ਜਨਕ ਰਾਜ ਸ਼ਾਮਲ ਸਨ।
