ਆਧਾਰ, ਆਯੂਸ਼ਮਾਨ ਕਾਰਡ, ਪੁਲਸ ਸੇਵਾਵਾਂ, ਦਿੱਵਯਾਂਗਜਨਾਂ ਦੇ ਕਾਰਡਾਂ ਦੇ ਲਈ ਸਟਾਲ ਲਗਾਏ ਜਾਣਗੇ
ਗੁਰਦਾਸਪੁਰ, 10 ਸਤੰਬਰ (ਸਰਬਜੀਤ ਸਿੰਘ)– ਕੇਂਦਰੀ ਸੰਚਾਰ ਬਿਊਰੋ (ਸੀਬੀਸੀ), ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਦੀਆਂ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਅਤੇ ਜਨਹਿੱਤ ਸਕੀਮਾਂ ਬਾਰੇ ਤਿੰਨ ਰੋਜ਼ਾ ਮਲਟੀਮੀਡੀਆ ਫੋਟੋ ਪ੍ਰਦਰਸ਼ਨੀ 11 ਤੋਂ 13 ਸਤੰਬਰ ਤੱਕ ਇੱਥੇ ਪੁਰਾਣੇ ਬੱਸ ਸਟੈਂਡ ਵਿਖੇ ਲਗਾਈ ਜਾ ਰਹੀ ਹੈ। ਪ੍ਰਦਰਸ਼ਨੀ ਦਾ ਉਦਘਾਟਨ ਸਵੇਰੇ 11.30 ਵਜੇ ਕੀਤਾ ਜਾਵੇਗਾ।
ਪ੍ਰਦਰਸ਼ਨੀ ਸਬੰਧੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੁਲਸ, ਸਿਹਤ, ਸਿੱਖਿਆ, ਸੁਵਿਧਾ ਕੇਂਦਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਲੀਡ ਬੈਂਕ, ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਖੇਤੀਬਾੜੀ ਆਦਿ ਵਿਭਾਗਾਂ ਨੂੰ ਆਪੋ-ਆਪਣੇ ਵਿਭਾਗਾਂ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਟਾਲ ਲਗਾਉਣ ਅਤੇ ਸੂਚਨਾ ਸਮੱਗਰੀ ਵੰਡਣ ਦੇ ਨਿਰਦੇਸ਼ ਦਿੱਤੇ ਗਏ। ਏਡੀਸੀ ਦੇ ਨਾਲ, ਮੰਤਰਾਲੇ ਦੇ ਖੇਤਰੀ ਪ੍ਰਚਾਰ ਅਧਿਕਾਰੀ ਅਤੇ ਪ੍ਰਦਰਸ਼ਨੀ ਦੇ ਨੋਡਲ ਅਧਿਕਾਰੀ ਰਾਜੇਸ਼ ਬਾਲੀ ਵੀ ਮੌਜੂਦ ਸਨ।
ਬਾਲੀ ਨੇ ਅੱਗੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਔਰਤਾਂ ਵਿਰੁੱਧ ਅਪਰਾਧ, ਨਸ਼ਾਖੋਰੀ, ਸਾਂਝ ਸੇਵਾਵਾਂ ਅਤੇ ਸਾਈਬਰ ਅਪਰਾਧ ਤੋਂ ਬਚਣ ਦੇ ਤਰੀਕੇ ਆਦਿ ਵਿਸ਼ਿਆਂ ‘ਤੇ ਲੈਕਚਰ ਦਿੱਤੇ ਜਾਣਗੇ। ਲੋਕਾਂ ਨੂੰ ਜਾਗਰੂਕ ਕਰਨ ਲਈ ਬੈਂਕਾਂ ਵੱਲੋਂ ਵਿੱਤੀ ਸਮਾਵੇਸ਼ ਸਕੀਮਾਂ, ਸਮਾਜਿਕ ਸੁਰੱਖਿਆ ਸਕੀਮਾਂ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ।
ਸਿਵਲ ਹਸਪਤਾਲ ਵੱਲੋਂ ਬਾਲੜੀ ਸੁਰੱਖਿਆ ਯੋਜਨਾ, ਆਯੂਸ਼ਮਾਨ ਕਾਰਡ, ਦਿੱਵਯਾਂਗਜਨਾਂ ਲਈ ਸਰਟੀਫਿਕੇਟ ਆਦਿ ਬਾਰੇ ਜਾਣਕਾਰੀ ਦੇਣ ਲਈ ਸਟਾਲ ਲਗਾਏ ਜਾਣਗੇ। ਜ਼ਿਲ੍ਹਾ ਸੁਵਿਧਾ ਕੇਂਦਰ ਵੱਲੋਂ ਪ੍ਰੋਗਰਾਮ ਦੇ ਸਥਾਨ ’ਤੇ ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। 13 ਸਤੰਬਰ ਨੂੰ ਇੱਕ ਵਿਸ਼ੇਸ਼ ਕੈਂਸਰ ਜਾਗਰੂਕਤਾ ਕੈਂਪ ਵੀ ਲਗਾਇਆ ਜਾਵੇਗਾ, ਜਿੱਥੇ ਔਰਤਾਂ ਨੂੰ ਛਾਤੀ ਦੇ ਕੈਂਸਰ ਅਤੇ ਇਸ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾਵੇਗਾ।