ਅੰਮ੍ਰਿਤਸਰ , ਗੁਰਦਾਸਪੁਰ, 7 ਸਤੰਬਰ (ਸਰਬਜੀਤ ਸਿੰਘ)– ਅੱਜ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਅੰਮ੍ਰਿਤਸਰ ਜਿਲੇ ਦੇ ਬਿਆਸ ਨਜ਼ਦੀਕੀ ਕਸਬੇ ਛੱਜਲਵੱਡੀ ਵਿਚ ਰਾਜਨੀਤਕ ਕਾਨਫਰੰਸ ਸੁਰਿੰਦਰ ਸਿੰਘ ਕੋਟ ਖਹਿਰਾ, ਬਖਸ਼ੀਸ਼ ਸਿੰਘ ਕਲਾਵਾਂ, ਬਲਵਿੰਦਰ ਕੌਰ, ਸਤਨਾਮ ਸਿੰਘ ਤਰਸਿੱਕਾ ਅਤੇ ਰਾਜਵਿੰਦਰ ਕੌਰ ਅਮਰਕੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਸਮੇਂ ਬੋਲਦਿਆਂ ਲਿਬਰੇਸ਼ਨ ਆਗੂ ਨਿਰਮਲ ਸਿੰਘ ਛੱਜਲਵੱਡੀ, ਬਲਬੀਰ ਸਿੰਘ ਝਾਮਕਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਮਾਨ ਸਰਕਾਰ ਪੰਜਾਬੀਆਂ ਉਪਰ ਕਰੀਬ 3000 ਕਰੋੜ ਰੁਪਏ ਦੇ ਟੈਕਸ ਲਾਉਣ ਜਾਾ ਰਹੀ ਹੈ ਜਿਸ ਵਾਸਤੇ ਮਾਨ ਸਰਕਾਰ ਪਟਰੋਲ, ਡੀਜਲ, ਬਿਜਲੀ ਦੇ ਰੇਟਾ ਅਤੇ ਬਸਾਂ ਦੇ ਕਿਰਾਏ ਵਿਚ ਚੁਪ ਚੁਪੀਤੇ ਵਾਧਾ ਕਰ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਟੈਕਸ ਲਾਏ ਜਾ ਸਕਦੇ ਹਨ। ਆਗੂਆਂ ਸਰਕਾਰ ਦੀ ਇਸ ਕਾਰਵਾਈ ਨੂੰ ਮਹਿੰਗਾਈ ਅਤੇ ਖੇਤੀ ਲਾਗਤਾਂ ਵਿੱਚ ਵਾਧਾ ਕਰਨ ਵਾਲਾ ਦੱਸਦਿਆਂ ਕਿਹਾ ਕਿ ਸਰਕਾਰ ਨੂੰ ਆਮ ਜਨਤਾ ਤੇ ਟੈਕਸ ਠੋਕਣ ਦੀ ਬਜਾਏ ਸਰਕਾਰ ਦੀ ਇਸ਼ਤਿਹਾਰ ਬਾਜ਼ੀ,ਵੀ ਆਈ ਪੀ ਕਲਚਰ ਅਤੇ ਹੋਰ ਫਜ਼ੂਲ ਖਰਚੇ ਬੰਦ ਕਰਨੇ ਚਾਹੀਦੇ ਹਨ। ਰਾਜਨੀਤਿਕ ਕਾਨਫਰੰਸ ਵਿੱਚ ਮਨਰੇਗਾ ਦਾ ਰੁਜ਼ਗਾਰ 200 ਦਿਨ ਅਤੇ ਦਿਹਾੜੀ 700 ਕਰਨ ਦਾ ਮੁੱਦਾ ਉਠਾਇਆ ਗਿਆ। ਮਾਨ ਸਰਕਾਰ ਦੇ ਆਗੂਆਂ ਉੱਪਰ ਦੋਸ਼ ਲਾਇਆ ਗਿਆ ਕਿ ਉਹ ਪਿੰਡਾਂ ਵਿੱਚ ਮਨਰੇਗਾ ਨੂੰ ਲਾਗੂ ਕਰਨ ਵਿੱਚ ਅੜਚਨਾ ਢਾਹ ਰਹੇ ਹਨ। ਕਾਨਫਰੰਸ ਵਿੱਚ ਵਿਧਵਾ ਬੁਢਾਪਾ ਤੇ ਅੰਗਹੀਣ ਪੈਨਸ਼ਨ 5000 ਕਰਨ, ਬੇਘਰਿਆਂ ਨੂੰ 10-ਦਸ ਮਰਲੇ ਦੇ ਪਲਾਟ ਦੇਣ, ਕੱਚੇ ਮਕਾਨਾਂ ਦੀਆਂ ਛੱਤਾਂ ਬਦਲਣ ਲਈ ਪੰਜ ਲੱਖ ਦੀ ਗਰਾਂਟ ਜਾਰੀ ਕਰਨ ਅਤੇ ਲਾਲ ਲਕੀਰ ਦੇ ਅੰਦਰ ਆਉਂਦੇ ਗਰੀਬਾਂ ਦੇ ਘਰਾਂ ਨੂੰ ਮਾਲ ਮਹਿਕਮੇ ਵਿੱਚ ਦਰਜ ਕਰਨ ਦਾ ਮੁੱਦਾ ਉਠਾਉਂਦਿਆਂ ਕਿਹਾ ਗਿਆ ਕਿ ਸਰਕਾਰ ਵਾਘਾ ਬਾਰਡਰ ਨੂੰ ਵਪਾਰ ਲਈ ਖੋਲੇ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਸਤੇ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਅਧਾਰਤ ਦਰਸ਼ਨ ਕਰਨ ਦੀ ਖੁੱਲ ਦਿੱਤੀ ਜਾਵੇ। ਕਾਨਫਰੰਸ ਵੱਲੋਂ 16 ਨੁਕਾਤੀ ਪ੍ਰੋਗਰਾਮ ਵਿੱਚ ਸਾਫ ਪਾਣੀ, ਮਿਆਰੀ ਰੋਟੀ, ਕੱਪੜਾ, ਮਕਾਨ ਅਤੇ ਮੁਫਤ ਵਿਦਿਆ ਤੇ ਸਿਹਤ ਸਹੂਲਤਾਂ ਦੇ ਮੁੱਦਿਆਂ ਉੱਪਰ ਲਿਬਰੇਸ਼ਨ ਨੇ ਸੰਘਰਸ਼ ਕਰਨ ਲਈ ਲੋਕਾਂ ਦੇ ਸਾਥ ਦੀ ਮੰਗ ਕੀਤੀ। ਆਗੂਆਂ ਮੋਦੀ ਸਰਕਾਰ ਵੱਲੋਂ 12 ਘੰਟੇ ਦੀ ਦਿਹਾੜੀ ਦਾ ਕਾਨੂੰਨ ਵਾਪਸ ਕਰਾਉਣ ਅਤੇ ਵੱਖ ਵੱਖ ਮਹਿਕਮਿਆਂ ਵਿਚ ਖਾਲੀ ਪਈਆਂ ਅਸਾਮੀਆਂ ਭਰਨ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿ ਲਿਬਰੇਸ਼ਨ ਹੋਰ ਖੱਬੀਆਂ ਧਿਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਸਿਆਸੀ ਖਿਲਾ ਨੂੰ ਭਰਨ ਦੇ ਯਤਨ ਤੇਜ਼ ਕਰੇਗੀ ਅਤੇ ਜਨਤਾ ਦੇ ਯਤਨਾਂ ਨਾਲ ਨਸ਼ਾ ਮਾਫੀਆ ,ਭੂ ਮਾਫੀਆ ਰੇਤ ਮਾਫੀਆ ਨੂੰ ਪੰਜਾਬ ਚੋਂ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਖਾਸਕਰ ਪੁਲਿਸ ਪ੍ਰਸ਼ਾਸਨ ਨੂੰ ਕਟਹਿਰੇ ਵਿੱਚ ਖੜਾ ਕਰੇਗੀ। ਕਾਨਫਰੰਸ ਵਿੱਚ ਮੰਗਲ ਸਿੰਘ ਧਰਮਕੋਟ, ਗੁਰਪ੍ਰੀਤ ਜਾਣੀਆਂ, ਸੂਬੇਦਾਰ ਅਜੀਤ ਸਿੰਘ, ਜਸਬੀਰ ਕੌਰ ਬਾਗੜੀਆਂ,ਰਾਜ ਕੌਰ ਤਰਸਿੱਕਾ, ਰਾਜਬੀਰ ਕੌਰ ਛੱਜਲਵੱਡੀ,ਨਸੀਬ ਕੌਰ ਅਤੇ ਦਲਬੀਰ ਭੋਲਾ ਮਲਕਵਾਲ ਅਤੇ ਬਚਨ ਸਿੰਘ ਤੇਜਾ ਸ਼ਾਮਲ ਸਨ।