ਵਕੀਲਾਂ, ਬੁੱਧੀਜੀਵੀਆਂ ਅਤੇ ਸਰਗਰਮ ਕਾਰਕੂਨਾਂ ਦੇ ਘਰਾਂ ਦੀ ਛਾਪੇਮਾਰੀ ਦਾ ਤਿੱਖਾ ਵਿਰੋਧ – ਲਾਭ ਅਕਲੀਆ

ਦੋਆਬਾ

ਰਾਮਪੁਰਾ-ਚਾਉਕੇ, ਗੁਰਦਾਸਪੁਰ, 2 ਸਤੰਬਰ ( ਸਰਬਜੀਤ ਸਿੰਘ)–ਕੇਂਦਰ ਸਰਕਾਰ ਵੱਲੋਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਬੁੱਧੀਜੀਵੀਆਂ, ਲੇਖ਼ਕਾਂ,ਸਰਗਰਮ ਕਾਰਕੂਨਾਂ ਅਤੇ ਵਕੀਲਾਂ ਦੀ ਜ਼ਬਾਨ ਬੰਦ ਕਰਵਾਉਣ ਲਈ ਐਨ ਆਈ ਏ ਵਰਗੀਆਂ ਕੇਂਦਰੀ ਏਜੰਸੀਆਂ ਵੱਲੋਂ ਬਾਰ ਬਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਮੋਦੀ ਸਰਕਾਰ ਦੀਆਂ ਇਨ੍ਹਾਂ ਨਿੰਦਣਯੋਗ ਕਾਰਵਾਈਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਵੱਲੋਂ ਪਿਛਲੇ ਦਿਨੀਂ ਚੰਡੀਗੜ੍ਹ ਦੇ ਐਡਵੋਕੇਟ ਮਨਦੀਪ, ਐਡਵੋਕੇਟ ਆਰਤੀ, ਐਡਵੋਕੇਟ ਅਜ਼ੇ ਕੁਮਾਰ, ਹਰਿਆਣਾ ਦੇ ਸੋਨੀਪਤ ਤੋਂ ਐਡਵੋਕੇਟ ਪੰਕਜ ਤਿਆਗੀ ਅਤੇ ਹੁਣੇ ਹੁਣੇ ਰਾਮਪੁਰਾ ਵਿਖੇ ਬੀ ਕੇ ਯੂ ਕ੍ਰਾਂਤੀਕਾਰੀ ਦੀ ਸੂਬਾਈ ਆਗੂ ਸੁਖਵਿੰਦਰ ਕੌਰ ਦੇ ਘਰ ਐਨ ਆਈ ਏ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਅਸਲ ਵਿੱਚ ਇਸਦਾ ਕਾਰਣ ਇਹ ਹੈ ਕਿ ਕੇਂਦਰ ਸਰਕਾਰ, ਆਰ ਐਸ ਐਸ ਦੀਆਂ ਫਿਰਕੂ ਫਾਸ਼ੀਵਾਦੀ ਨੀਤੀਆਂ ਦੇ ਤਹਿਤ ਪਿਛਲੇ ਦਸ ਸਾਲਾਂ ਤੋਂ ਮਜ਼ਦੂਰਾਂ -ਕਿਸਾਨਾਂ, ਮੁਲਾਜ਼ਮਾਂ, ਔਰਤਾਂ ਅਤੇ ਘੱਟ ਗਿਣਤੀਆਂ ਦੇ ਖ਼ਿਲਾਫ਼ ਲਗਾਤਾਰ ਕਾਲ਼ੇ ਕਾਨੂੰਨ ਪਾਸ ਕਰਕੇ ਜਨਤਾ ਉੱਪਰ ਤਿੱਖੇ ਹਮਲੇ ਕਰ ਰਹੀ ਹੈ। ਇਹਨਾਂ ਕਾਲ਼ੇ ਕਾਨੂੰਨਾਂ ਤੋਂ ਦੁਖੀ ਆਮ ਜਨਤਾ ਸੰਘਰਸ਼ਾਂ ਦੇ ਰਾਹ ਪੈ ਰਹੀ ਹੈ। ਜਨਤਾ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਨਵੇਂ ਕਾਲ਼ੇ ਕਾਨੂੰਨਾਂ ਦੇ ਰਾਹੀਂ ਅਤੇ ਕੇਂਦਰੀ ਏਜੰਸੀਆਂ ਵੱਲੋਂ ਵੱਖ ਵੱਖ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਹੜੇ ਵਕੀਲ ਇਹਨਾਂ ਦੇ ਕੇਸ ਝਗੜਦੇ ਹਨ ਅਤੇ ਜਿਹੜੇ ਬੁੱਧੀਜੀਵੀ ਲਿਖ਼ਦੇ ਜਾਂ ਬੋਲਦੇ ਹਨ। ਉਹਨਾਂ ਨੂੰ ਵੱਖ ਵੱਖ ਏਜੰਸੀਆਂ ਰਾਹੀਂ ਪ੍ਰੇਸ਼ਾਨ ਕਰਵਾਇਆ ਜਾ ਰਿਹਾ ਹੈ। ਉਹਨਾਂ ਦੇ ਫੋਨ, ਲੈਪਟੌਪ ਆਦਿ ਜ਼ਰੂਰੀ ਦਸਤਾਵੇਜ਼ਾਂ ਨੂੰ ਜਬਤ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦਾ ਮਾਮਲਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਕੇਂਦਰ ਸਰਕਾਰ ਗ਼ਲਤ ਢੰਗ ਤਰੀਕੇ ਅਪਣਾ ਕੇ ਜਨਤਾ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ। ਆਗੂਆਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਤੁਰੰਤ ਰੋਕੀਆਂ ਜਾਣ, ਨਹੀਂ ਤਾਂ ਇਸਦਾ ਤਿੱਖੇ ਰੂਪ ਵਿੱਚ ਵਿਰੋਧ ਖੜ੍ਹਾ ਹੋਵੇਗਾ।

Leave a Reply

Your email address will not be published. Required fields are marked *