ਗੁਰਦਾਸਪੁਰ, 6 ਸਤੰਬਰ ( ਸਰਬਜੀਤ ਸਿੰਘ) – ਪੋਸ਼ਣ ਅਤੇ ਪ੍ਰਦੂਸ਼ਤ ਵਾਤਾਵਰਨ ਸਬੰਧੀ ਸਿਹਤ ਵਿਭਾਗ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ’ਤੇ ਚਰਚਾ ਕਰਨ ਲਈ ਸਿਵਲ ਸਰਜਨ ਗੁਰਦਾਸਪੁਰ ਵੱਲੋਂ ਅੱਜ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਹਾਇਕ ਸਿਵਲ ਸਰਜਨ ਗੁਰਦਾਸਪੁਰ ਡਾ. ਭਾਰਤ ਭੂਸ਼ਨ ਨੇ ਕੀਤੀ ਜਦਕਿ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਰਵਿੰਦ ਮਨਚੰਦਾ ਅਤੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ ਪ੍ਰਭਜੋਤ ਕੌਰ ਕਲਸੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਵਿਚ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਸਮੂਹ ਬਲਾਕ ਐਕਸਟੈਨਸ਼ਨ ਐਜੂਕੇਟਰ ਸ਼ਾਮਲ ਹੋਏ।
ਇਸ ਮੌਕੇ ਡਾ. ਅਰਵਿੰਦ ਮਨਚੰਦਾ ਨੇ ਕਿਹਾ ਕਿ ਸਮਾਜ ਵਿੱਚ ਪੋਸ਼ਣ ਦੀ ਮਹੱਤਤਾ ਸੰਬੰਧੀ ਜਾਗਰੂਕ ਕਰਨ ਲਈ ਮਹਿਕਮਾ ਸਿਹਤ ਅਤੇ ਪਰਿਵਾਰ ਭਲਾਈ ਵਲੋਂ ਮਹੀਨਾ ਸਤੰਬਰ ਦੌਰਾਨ ਵੱਖ-ਵੱਖ ਗਤੀਵਿਧੀਆਂ ਰਾਹੀਂ ਜਾਗਰੂਕਤਾ ਪੈਦਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕੁਪੋਸ਼ਣ ਸਮਾਜ ਦੇ ਲਈ ਇਕ ਵੱਡਾ ਖਤਰਾ ਹੈ ਅਤੇ ਕੁਪੋਸ਼ਣ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ। ਵਿਭਾਗ ਦੇ ਫੀਲਡ ਸਟਾਫ ਵੱਲੋਂ ਕੁਪੋਸ਼ਿਤ ਬੱਚਿਆਂ ਨੂੰ ਲੱਭਣ ਅਤੇ ਉਨ੍ਹਾਂ ਦੀ ਬਿਹਤਰ ਪੋਸ਼ਣ ਲਈ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੇ ਖਾਣ-ਪੀਣ, ਸਾਫ-ਸਫ਼ਾਈ ਅਤੇ ਜ਼ਰੂਰੀ ਟੀਕਾਕਰਨ ਬਾਰੇ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਯੂਸ਼ ਵਿਭਾਗ ਵੱਲੋਂ ਲੋਕਾਂ ਨੂੰ ਯੋਗਾ ਅਤੇ ਚੰਗੀ ਡਾਈਟ ਬਾਰੇ ਚੰਗੀ ਖੁਰਾਕ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਇਹ ਗਤੀਵਿਧੀਆਂ ਪਿੰਡ ਪੱਧਰ ਤੱਕ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਚੰਗੇ ਪੋਸ਼ਣ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁਪੋਸ਼ਣ ਬਾਰੇ ਸੁਚੇਤ ਰਹਿਣ ਅਤੇ ਅਗਲੀ ਪੀੜ੍ਹੀ ਦੀ ਸਿਹਤਮੰਦੀ ਲਈ ਪੋਸ਼ਣ ਦੀਆਂ ਚੰਗੀਆਂ ਆਦਤਾਂ ਨੂੰ ਅਪਨਾਉਣ।
ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਨੇ ਕਿਹਾ ਕਿ 25 ਫੀਸਦੀ ਬਿਮਾਰੀਆਂ ਦੂਸ਼ਿਤ ਹਵਾ ਨਾਲ ਫੈਲਦੀਆਂ ਹਨ। ਹਵਾ ਨੂੰ ਸਾਫ਼ ਸੁਥਰਾ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਹਵਾ ਲਗਾਤਾਰ ਦੂਸ਼ਿਤ ਹੁੰਦੀ ਜਾ ਰਹੀ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਪੌਦੇ ਲਗਾਈਏ ਅਤੇ ਆਪਣੇ ਘਰਾਂ ਵਾਂਗ ਆਪਣੇ ਆਲੇ-ਦੁਆਲੇ ਨੂੰ ਵੀ ਸਾਫ਼ ਸੁਥਰਾ ਰੱਖਣ ਵਿੱਚ ਯੋਗਦਾਨ ਪਾਈਏ। ਇਸ ਮੌਕੇ ਮਾਸ ਮੀਡੀਆ ਅਫ਼ਸਰ ਗੁਰਿੰਦਰ ਕੌਰ, ਸੁਖਵਿੰਦਰ ਕੌਰ ਆਦਿ ਹਾਜਰ ਸਨ।