ਭਗਵੰਤ ਮਾਨ ਸਰਕਾਰ ਦੀ 300 ਯੂਨਿਟ ਮੁਫ਼ਤ ਬਿਜਲੀ ਗਰੰਟੀ ਪੂਰੀ ਕਰਕੇ ਵਿਰੋਧੀ ਪਾਰਟੀਆ ਦੇ ਮੂੰਹ ਕੀਤੇ ਬੰਦ-ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ

ਅਗਲੇ ਮਹੀਨਿਆਂ ਵਿੱਚ ਖਪਤ ਘਟਣ ਨਾਲ ਹੋਰ ਪਰਿਵਾਰਾਂ ਨੂੰ ਵੀ ਮਿਲੇਗਾ ਲਾਭ
ਗੁਰਦਾਸਪੁਰ, 6 ਸਤੰਬਰ (ਸਰਬਜੀਤ ਸਿੰਘ) -ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਜਲੀ ਬਿਲ ‘ਜ਼ੀਰੋ’ ਆਉਣ ਦੇ ਕੀਤੇ ਚੁਣਾਵੀ ਵਾਅਦੇ ਅਨੁਸਾਰ ਸੂਬੇ ਦੇ 25 ਲੱਖ ਘਰੇਲੂ ਖਪਤਕਾਰਾਂ ਦੇ ਬਿਜਲੀ ਬਿਲ ‘ਜ਼ੀਰੋ’ ਆਏ ਹਨ। ਬਿਜਲੀ ਦਾ ਜ਼ੀਰੋ ਬਿੱਲ ਆਉਣ ’ਤੇ ਸੂਬੇ ਦੇ ਲੱਖਾਂ ਖਪਤਕਾਰ ਖੁਸ਼ ਹਨ ਅਤੇ ਇਹ ਖੁਸ਼ੀ ਉਨਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਕਾਰਨ ਮਿਲੀ ਹੈ। ਉਨਾਂ ਕਿਹਾ ਕਿ ਸਰਕਾਰ ਨੇ ਉਕਤ ਵਾਅਦਾ ਪੂਰਾ ਕਰਕੇ ਵਿਰੋਧੀ ਪਾਰਟੀਆ ਦੇ ਮੂੰਹ ਬੰਦ ਕਰ ਦਿੱਤੇ ਹਨ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਰਕਾਰ ਸ਼ੁਰੂਆਤੀ ਸਾਲ ਵਿਚ ਹੀ ਆਪਣੇ ਚੋਣ ਵਾਅਦੇ ਪੂਰੇ ਕਰ ਰਹੀ ਹੈ, ਨਹੀਂ ਤਾਂ ਸਰਕਾਰਾਂ ਨਿੱਕੇ-ਨਿੱਕੇ ਚੋਣ ਵਾਅਦੇ ਆਪਣੀ ਸੱਤਾ ਦੇ ਆਖਰੀ ਸਾਲ ਵਿਚ ਹੀ ਪੂਰੇ ਕਰਦੀਆਂ ਰਹੀਆਂ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਦੀ ਦਿੱਤੀ ਗਈ ਛੋਟ ਕਾਰਨ ਸੂਬੇ ਦੇ 25 ਲੱਖ ਘਰੇਲੂ ਖਪਤਕਾਰਾਂ ਦੇ ਬਿਜਲੀ ਬਿਲ ‘ਜ਼ੀਰੋ’ਆਏ ਹਨ। ਚੇਅਰਮੈਨ ਬਹਿਲ ਨੇ ਸਪੱਸ਼ਟ ਕੀਤਾ ਕਿ ਇਸ ਬਿਜਲੀ ਮੁਆਫੀ ਸਕੀਮ ਤਹਿਤ ਕਿਸੇ ਜਾਤ, ਧਰਮ ਨੂੰ ਆਧਾਰ ਨਹੀਂ ਬਣਾਇਆ ਗਿਆ, ਸਗੋਂ ਹਰੇਕ ਘਰੇਲੂ ਖਪਤਕਾਰ ਨੂੰ ਜੋ ਦੋ ਮਹੀਨਿਆਂ ’ਚ 600 ਯੂਨਿਟ ਤੱਕ ਬਿਜਲੀ ਖਪਤ ਕਰੇਗਾ, ਉਸਦਾ ਬਿਜਲੀ ਬਿਲ ‘ਜ਼ੀਰੋ’ ਆਵੇਗਾ। ਜੇਕਰ ਕੋਈ ਇਸ ਤੋਂ ਵੱਧ ਬਿਜਲੀ ਵਰਤੇਗਾ, ਉਸ ਨੂੰ ਬਿਜਲੀ ਬਿਲ ਦੇਣਾ ਪਵੇਗਾ। ਉਨਾਂ ਦੱਸਿਆ ਕਿ ਬਿਜਲੀ ਮੁਆਫੀ ਨਾਲ ਬਿਲ ਸਰਕਲ ਦੋ ਮਹੀਨਿਆਂ ਦਾ ਹੋਣ ਕਾਰਨ ਖਪਤਕਾਰਾਂ ਨੂੰ 600 ਯੂਨਿਟ ਮੁਫਤ ਬਿਜਲੀ ਮਿਲ ਰਹੀ ਹੈ, ਜੋ ਕਿ ਹਰ ਆਮ ਘਰ ਦੀ ਲੋੜ ਤੋਂ ਵੱਧ ਹੈ। ਉਨਾਂ ਦੱਸਿਆ ਕਿ 1 ਜੁਲਾਈ ਤੋਂ ਦਿੱਤੀ ਗਈ ਬਿਜਲੀ ਮੁਆਫੀ ਕਾਰਨ ਅਗਸਤ ਮਹੀਨੇ ਜੋ ਬਿਲ ਆਏ ਹਨ, ਉਨਾਂ ਵਿਚੋਂ 25 ਲੱਖ ਖਪਤਕਾਰਾਂ ਨੂੰ ਬਿਲ ਨਹੀਂ ਭਰਨਾ ਪਵੇਗਾ।
ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਬੀਤੇ ਦਿਨ ਤੱਕ ਕੁੱਲ 72 ਲੱਖ ਘਰੇਲੂ ਖਪਤਕਾਰਾਂ ਵਿਚੋਂ 42 ਲੱਖ ਖਪਤਕਾਰਾਂ ਨੂੰ ਬਿਲ ਭੇਜ ਦਿੱਤਾ ਗਿਆ ਸੀ, ਜਿਸ ਵਿਚੋਂ 25 ਲੱਖ ਪਰਿਵਾਰਾਂ ਨੂੰ ਜ਼ੀਰੋ ਬਿਲ ਆਇਆ ਹੈ। ਇਸ ਤੋਂ ਇਲਾਵਾ 34 ਲੱਖ ਪਰਿਵਾਰਾਂ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਨਾਲ ਰਿਆਇਤੀ ਬਿਜਲੀ ਦਾ ਲਾਭ ਮਿਲਿਆ ਹੈ। ਉਨਾਂ ਕਿਹਾ ਕਿ ਇਹ ਦੋ ਮਹੀਨੇ ਸਖਤ ਗਰਮੀ ਕਾਰਨ ਬਿਜਲੀ ਖਪਤ ਆਮ ਮਹੀਨਿਆਂ ਨਾਲੋਂ ਵੱਧ ਰਹਿੰਦੀ ਹੈ, ਸੋ ਗਰਮੀ ਘੱਟ ਹੋਣ ਕਾਰਨ ਆਉਣ ਵਾਲੇ ਮਹੀਨਿਆਂ ਵਿਚ ਕਰੀਬ 85 ਫੀਸਦੀ ਖਪਤਕਾਰਾਂ ਨੂੰ ਬਿਜਲੀ ਮੁਆਫੀ ਦਾ ਲਾਭ ਮਿਲੇਗਾ।

Leave a Reply

Your email address will not be published. Required fields are marked *