ਚੰਡੀਗੜ੍ਹ, ਗੁਰਦਾਸਪੁਰ, 27 ਅਗਸਤ ( ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ‘ਚ ਇੱਕ ‘ਵਿਰਾਸਤੀ’ ਇਮਾਰਤ ‘ਚ ਰਹਿਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ, ਉਨ੍ਹਾਂ ‘ਤੇ ਨਿਸ਼ਾਨਾ ਸਾਧਦੇ ਹੋਏ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਕਿਹਾ ਕਿ ਸਤੌਜ ਦੇ ਮਹਾਰਾਜਾ ਹੁਣ ਰਾਜੇ ਵਰਗੀ ਆਲੀਸ਼ਾਨ ਜ਼ਿੰਦਗੀ ਜਿਊਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਇੱਕ ਖ਼ਬਰ ਮੁਤਾਬਿਕ ਸ਼ਹਿਰ ਦੇ ਪੁਰਾਣੇ ਬਰਾਦਰੀ ਇਲਾਕੇ ‘ਚ ਸਥਿਤ ਮਕਾਨ ਨੰਬਰ 1,1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਹੈ। ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ, ਸਰ ਜੌਹਨ ਲਾਰੈਂਸ, 1848 ਵਿੱਚ ਇਸ ਘਰ ਵਿੱਚ ਰਹਿਣ ਲਈ ਚਲੇ ਗਏ ਸਨ – ਉਦੋਂ ਤੱਕ, ਜਲੰਧਰ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਹਿੱਸਾ ਸੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਜਲੰਧਰ ਦੇ ਵਿਚਕਾਰ 11 ਏਕੜ ਰਕਬੇ ਦੇ ਇਸ ਘਰ ਨੂੰ ਤਿਆਰ ਕੀਤੀ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝਾੜੂ ਪਾਰਟੀ ਦੇ ਸਾਰੇ ਮੈਂਬਰਾਂ ਅਤੇ ਆਗੂਆਂ ਨੇ ਸੱਤਾ ਸੰਭਾਲਣ ਤੋਂ ਬਾਅਦ ਆਮ ਲੋਕਾਂ ਵਰਗੀ ਜ਼ਿੰਦਗੀ ਜਿਊਣ ਦਾ ਸੰਕਲਪ ਲਿਆ ਸੀ। ਉਨ੍ਹਾਂ ਨੇ ਛੋਟੇ ਘਰਾਂ ਜਾਂ ਫਲੈਟਾਂ ਵਿੱਚ ਰਹਿਣ ਅਤੇ ਗੈਰ-ਲਗਜ਼ਰੀ ਕਾਰਾਂ ਵਿੱਚ ਆਉਣ-ਜਾਣ ਦੀ ਵਚਨਬੱਧਤਾ ਪ੍ਰਗਟਾਈ ਸੀ। ਪਰ ਸੱਤਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਲੀ ਰੰਗ ਦਿਖਾ ਦਿੱਤਾ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੇ ਕਾਫ਼ਲੇ ਵਿੱਚ ਪੰਜਾਬ ਦੇ ਕਿਸੇ ਵੀ ਸਾਬਕਾ ਮੁੱਖ ਮੰਤਰੀ ਨਾਲੋਂ ਵੱਧ ਵਾਹਨ ਅਤੇ ਵਧੇਰੇ ਸੁਰੱਖਿਆ ਗਾਰਡ ਹਨ। ਹੁਣ ਇਹ ਸਾਬਤ ਹੋ ਗਿਆ ਹੈ ਕਿ ਮੁੱਖ ਮੰਤਰੀ ਮਾਨ ਨੇ ਵੋਟਾਂ ਹਾਸਲ ਕਰਨ ਲਈ ਵੱਡੇ-ਵੱਡੇ ਵਾਅਦਿਆਂ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਹੈ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਇਸ਼ ਦੇ ਨਵੀਨੀਕਰਨ ‘ਤੇ 52.71 ਕਰੋੜ ਰੁਪਏ ਖ਼ਰਚ ਕੀਤੇ। ਹੁਣ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਕਰ ਰਹੀ ਹੈ।