ਬਟਾਲਾ, ਗੁਰਦਾਸਪੁਰ, 23 ਜੁਲਾਈ (ਸਰਬਜੀਤ ਸਿੰਘ ) ਅੱਜ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰਕ ਸੁਸਾਇਟੀ ਬਟਾਲਾ ਵਲੋਂ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ ਮਨਾਇਆ ਤੇ ਕੇਕ ਕੱਟ ਕੇ ਮੁਬਾਰਕਬਾਦ ਦਿੱਤੀ।
ਇਸ ਮੌਕੇ ਉੱਘੇ ਕਹਾਣੀਕਾਰ ਤੇ ਵਾਰਤਾਕਾਰ ਦੇਵਿੰਦਰ ਦੀਦਾਰ, ਡੀਪੀਆਰ ਹਰਜਿੰਦਰ ਸਿੰਘ ਕਲਸੀ, ਅਜੀਤ ਕਮਲ, ਜਸਵੰਤ ਹਾਂਸ, ਵਿਜੈ ਅਗਨੀਹੋਤਰੀ, ਬਲਵਿੰਦਰ ਗੰਭੀਰ, ਸੁਲਤਾਨ ਭਾਰਤੀ, ਕੁਲਬੀਰ ਸੱਗੂ, ਸੁੱਚਾ ਸਿੰਘ ਨਾਗੀ, ਲਾਇਨ ਗਗਨਦੀਪ ਸਿੰਘ, ਰੰਜਨਦੀਪ ਸਿੰਘ ਸੰਧੂ ਆਦਿ ਨੇ ਮੁਬਾਰਕਬਾਦ ਦਿੱਤੀ।
ਸ਼ਿਵ ਬਟਾਲਵੀ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਦੇਵਿੰਦਰ ਦੀਦਾਰ ਨੇ ਕਿਹਾ ਕਿ ਸ਼ਿਵ ਬਟਾਲਵੀ ਪੰਜਾਬ ਦੀ ਇੱਕ ਰੂਹ ਹੈ, ਜਿਸ ਦੀ ਯਾਦ ਵਿੱਚ ਅੱਜ ਵੀ ਹਰ ਪੰਜਾਬੀ ਗੁਣਗੁਣਾਉਂਦਾ ਹੈ। ਉਨ੍ਹਾਂ ਕਿਹਾ ਕਿ ਸ਼ਿਵ ਬਟਾਲਵੀ ਦੀਆਂ ਅਮੀਰ ਰਚਨਾਵਾਂ ਲੂਣਾ, ਪੀੜਾਂ ਦਾ ਪਰਾਗਾ, ਮੈਨੂੰ ਵਿਦਾ ਕਰੋ, ਆਰਤੀ, ਲਾਜਵੰਤੀ, ਆਟੇ ਦੀਆਂ ਚਿੜੀਆਂ, ਦਰਦਮੰਦਾਂ ਦੀ ਆਹੀ, ਮੈਂ ਅਤੇ ਮੈਂ ਅਤੇ ਅਲਵਿਦਾ ਪੰਜਾਬੀ ਸਾਹਿਤ ਦਾ ਸਿੰਗਾਰ ਹਨ। ਉਨ੍ਹਾਂ ਕਿਹਾ ਕਿ ਸ਼ਿਵ ਬਟਾਲਵੀ ਦੀਆਂ ਰਚਨਾਵਾਂ ਚੜਦੇ ਅਤੇ ਲਹਿੰਦੇ ਪੰਜਾਬ ਦਾ ਅਮੀਰ ਵਿਰਸਾ ਹਨ ਅਤੇ ਰਹਿੰਦੀ ਦੁਨੀਆਂ ਤੱਕ ਸ਼ਿਵ ਬਟਾਲਵੀ ਦਾ ਨਾਮ ਯਾਦ ਰੱਖਿਆ ਜਾਵੇਗਾ।