ਗੁਰਦਾਸਪੁਰ, 19 ਜੁਲਾਈ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਸੂਬਾ ਕਮੇਟੀ ਵਲੋਂ ਪੰਜਾਬ ਵਿੱਚ ਜਨਤਾ ਦੇ ਭੱਖਵੇ ਸਵਾਲਾਂ ਉਪਰ ਰਾਜਨੀਤਕ ਕਾਨਫਰੰਸਾਂ ਕਰਨ ਦੇ ਫੈਸਲੇ ਅਨੁਸਾਰ ਡੇਰਾ ਬਾਬਾ ਨਾਨਕ ਦੀ ਕਾਨਫਰੰਸ ਦੀ ਤਿਆਰੀ ਵਿੱਚ ਪਿੰਡ ਸਿੰਘਪੁਰਾ ਵਿਚ ਸਿਆਸੀ ਰੈਲੀ ਕੀਤੀ ਗਈ।
ਇਸ ਸਮੇਂ ਬੋਲਦਿਆਂ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣ ਕਲਾਂ ਅਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਲਿਬਰੇਸ਼ਨ ਨੇ ਆਪਣਾਂ ਸਿਆਸੀ ਏਜੰਡਾ ਤਹਿ ਕੀਤਾ ਹੈ ਕਿ ਪਹਿਲਾਂ ਦੇ ਅਧਾਰ ਉਪਰ ਪੰਜਾਬ ਦੇ 33 ਫੀਸਦੀ ਅਨੁਸੂਚਿਤ ਜਾਤਾਂ,22 ਫੀਸਦੀ ਪੱਛੜੀਆ ਸ਼੍ਰੇਣੀਆਂ ਅਤੇ 25 ਫੀਸਦੀ ਗਰੀਬ ਕਿਸਾਨਾਂ ਅਤੇ ਹੋਰ ਤਬਕਿਆਂ ਨੂੰ ਰੋਟੀ, ਕਪੜਾ, ਮਕਾਨ, ਰੋਜ਼ਗਾਰ , ਮਹਿੰਗਾਈ, ਸਿਹਤ ਸਹੂਲਤਾਂ ਅਤੇ ਸਿੱਖਿਆ ਵਰਗੇ ਮਸਲਿਆਂ ਉਪਰ ਚੇਤਨ ਕਰਨ ਅਤੇ ਇਨ੍ਹਾਂ ਸਵਾਲਾਂ ਦੇ ਹੱਲ ਲਈ ਰਾਜਸੀ ਸੰਘਰਸ਼ ਕਰਨ ਲਈ ਤਿਆਰ ਕਰਨ ਦਾ ਟੀਚਾ ਮਿਥਿਆ ਹੈ।ਜਿਸ ਸੰਘਰਸ਼ ਨੂੰ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਜਾਰੀ ਰੱਖੇਗੀ ਤਾਂ ਜੋ ਪਾਰਟੀ ਸਤਾ ਦੀ ਹਿੱਸੇਦਾਰੀ ਤੱਕ ਪਹੁੰਚ ਕੇ ਜਨਤਾ ਦੇ ਸਵਾਲਾਂ ਨੂੰ ਉਠਾਇਆ ਅਤੇ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪੰਜਾਬ ਵਿੱਚ ਕਿਸਾਨੀ ਫਸਲਾਂ ਵਿਚ ਭਿੰਨਤਾ ਲਿਆਉਣ ਲਈ ਦਾਲਾਂ, ਸਬਜ਼ੀਆਂ ਅਤੇ ਤੇਲ ਪੈਦਾਵਾਰੀ ਦੀਆਂ ਫ਼ਸਲਾਂ ਦੇ ਘੱਟੋਂ ਘੱਟ ਸਮਰਥਨ ਮੁੱਲ ਨੂੰ ਕਨੂੰਨੀ ਗਰੰਟੀ ਦੇਣ ਸਮੇਤ ਵਾਹਗਾ ਬਾਰਡਰ ਦਾ ਵਪਾਰ ਖੋਹਲਣ ਵਰਗੇ ਸਵਾਲਾਂ ਦੇ ਹੱਲ ਉਪਰ ਜ਼ੋਰ ਦੇਣਾ ਤਹਿ ਕੀਤਾ ਹੈ।ਇਸ ਸਮੇਂ ਕੁਲਦੀਪ ਰਾਜੂ, ਸੁਰਜੀਤ ਸਿੰਘ ਬਾਜਵਾ, ਬਲਵਿੰਦਰ ਸਿੰਘ, ਸਤਨਾਮ ਸਿੰਘ, ਕੁਲਵੰਤ ਸਿੰਘ ਰਾਮਦੀਵਾਲੀ ਅਤੇ ਲਾਲੀ ਸਿੰਘ ਪੁਰਾ ਹਾਜ਼ਰ ਸਨ।