ਚੰਡੀਗੜ੍ਹ, ਗੁਰਦਾਸਪੁਰ, 12 ਜੁਲਾਈ (ਸਰਬਜੀਤ ਸਿੰਘ)– ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਪੰਜਾਬ ‘ਚ ਹੋਣ ਦਾ ਖ਼ੁਲਾਸਾ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਜੇਲ੍ਹ ਵਿਭਾਗ ਵੀ ਹੈ ‘ਤੇ ਇੰਟਰਵਿਊ ਬਾਰੇ ਝੂਠ ਬੋਲਣ ਲਈ ਤਿੱਖਾ ਹਮਲਾ ਬੋਲਿਆ। ਪੰਜਾਬ ਪੁਲਿਸ ਵੱਲੋਂ ਗਠਿਤ ਕੀਤੀ ਗਈ ਐਸਆਈਟੀ, ਜਿਸ ਵਿੱਚ ਪੰਜਾਬ ਦੇ ਵਿਸ਼ੇਸ਼ ਡੀਜੀਪੀ (ਐਸਟੀਐਫ) ਅਤੇ ਏਡੀਜੀਪੀ-ਕਮ-ਡਾਇਰੈਕਟਰ (ਜੇਲ੍ਹਾਂ), ਪੰਜਾਬ ਸ਼ਾਮਲ ਸਨ, ਨੇ ਵੀ ਝੂਠ ਬੋਲਿਆ ਕਿ ਇਸ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਜਦੋਂ ਇੰਟਰਵਿਊ ਰਿਕਾਰਡ ਕੀਤੀ ਗਈ ਸੀ ਤਾਂ ਬਿਸ਼ਨੋਈ ਪੰਜਾਬ ਦੀ ਜੇਲ੍ਹ ਵਿੱਚ ਸੀ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਵਿਸ਼ੇਸ਼ ਡੀਜੀਪੀ (ਮਨੁੱਖੀ ਅਧਿਕਾਰ ਕਮਿਸ਼ਨ) ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਬਣਾਈ ਗਈ ਐਸਆਈਟੀ ਨੇ ਅਦਾਲਤ ਨੂੰ ਦੱਸਿਆ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਦੋ ਟੀਵੀ ਇੰਟਰਵਿਊਆਂ ਵਿੱਚੋਂ ਇੱਕ ਸਿਗਨਲ ਐਪ ਦੀ ਵਰਤੋਂ ਕਰ ਕੇ ਪੰਜਾਬ ਦੀਆਂ ਹੱਦਾਂ ਵਿੱਚ ਕੀਤੀ ਗਈ ਸੀ।
ਬਾਜਵਾ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਇਸ ਮੁੱਦੇ ‘ਤੇ ਸਫ਼ਾਈ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਗੈਂਗਸਟਰ ਦੀਆਂ ਇੰਟਰਵਿਊਆਂ ਬਾਰੇ ਪੰਜਾਬ ਪੁਲਸ ਦੀ ਐੱਸ ਆਈ ਟੀ ਨੇ ਝੂਠ ਕਿਉਂ ਬੋਲਿਆ ਤੇ ਤੱਥਾਂ ਨੂੰ ਕਿਉਂ ਲੁਕਾਇਆ। ਬਾਜਵਾ ਨੇ ਕਿਹਾ ਕਿ ਜੇਲ੍ਹ ਮੰਤਰੀ ਹੋਣ ਦੇ ਨਾਤੇ ਭਗਵੰਤ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਹ ਸਾਬਿਤ ਹੋ ਗਿਆ ਹੈ ਕਿ ਭਗਵੰਤ ਮਾਨ ਨਾ ਸਿਰਫ਼ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਜੋਂ ਬਲਕਿ ਜੇਲ੍ਹ ਮੰਤਰੀ ਵਜੋਂ ਵੀ ਕੰਮ ਕਰਨ ਵਿੱਚ ਅਸਫਲ ਰਹੇ ਹਨ।