ਗੁਰਦਾਸਪੁਰ, 11 ਜੁਲਾਈ (ਸਰਬਜੀਤ ਸਿੰਘ) – ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ, ਬਟਾਲਾ ਅਤੇ ਸਰਕਾਰੀ ਹਸਪਤਾਲ ਕਲਾਨੌਰ ਵਿਖੇ ਮੈਡੀਸਨ ਦੇ ਮਾਹਿਰ ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਬਿਮਾਰੀਆਂ ਤੋਂ ਬਚਣ ਲਈ ਆਪਣੇ ਘਰਾਂ, ਆਸ-ਪਾਸ, ਦਫ਼ਤਰ ਅਤੇ ਕੰਮ-ਕਾਜ ਦੀਆਂ ਥਾਵਾਂ ‘ਤੇ ਪਾਣੀ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਡੇਂਗੂ ਬਿਮਾਰੀ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿੱਚ, ਫਰਿੱਜ਼ ਦੀ ਟਰੇਅ, ਕੂਲਰ, ਪਾਣੀ ਦੀ ਟੈਂਕੀਆਂ, ਗਮਲਿਆਂ ਵਿੱਚ ਅਤੇ ਪੰਛੀਆਂ ਦੇ ਪੋਟ ਵਿਚ ਪੈਦਾ ਹੁੰਦਾ ਹੈ। ਇਹ ਬੁਖ਼ਾਰ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ।
ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਡੇਂਗੂ ਬੁਖ਼ਾਰ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਡੇਂਗੂ ਹੋਣ ਨਾਲ ਤੇਜ਼ ਬੁਖ਼ਾਰ, ਸਿਰ ਦਰਦ, ਘਬਰਾਹਟ ਉਲਟੀਆਂ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪਲੇਟਲੈੱਟ ਸੈੱਲ ਘੱਟ ਜਾਣਾ, ਕਮਜ਼ੋਰੀ, ਮਾਸਪੇਸ਼ੀਆਂ ਵਿਚ ਦਰਦ, ਚਮੜੀ ਉੱਪਰ ਲਾਲ ਰੰਗ ਦੇ ਦਾਣੇ, ਹਾਲਤ ਖ਼ਰਾਬ ਹੋਣ ਦੀ ਸੂਰਤ ਵਿੱਚ ਨੱਕ ਅਤੇ ਮਸੂੜ੍ਹਿਆਂ ਵਿੱਚੋਂ ਖ਼ੂਨ ਵਗਣ ਲੱਗਦਾ ਹੈ। ਉਨ੍ਹਾਂ ਕਿਹਾ ਕਿ ਬੁਖ਼ਾਰ ਹੋਣ ਦੀ ਸੂਰਤ ਵਿੱਚ ਪੈਰਾਸਿਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ। ਮਰੀਜ਼ ਨੂੰ ਮੱਛਰ ਜਾਲੀ ਵਿੱਚ ਰਹਿਣਾ ਚਾਹੀਦਾ ਹੈ। ਡੇਂਗੂ ਬੁਖ਼ਾਰ ਦਾ ਟੈੱਸਟ ਅਤੇ ਇਲਾਜ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਦਰਦ ਰੋਕਣ ਲਈ ਬਰੂਫੇਨ ਅਤੇ ਐਸਪਰਿਨ ਦੀ ਗੋਲੀ ਨਹੀਂ ਲੈਣੀ ਚਾਹੀਦੀ।
ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੇ ਘਰਾਂ ਵਿੱਚ ਫਰਿੱਜ਼ ਦੀ ਟਰੇਅ, ਕੂਲਰ ਪਾਣੀ ਦੀਆਂ ਟੈਂਕੀਆਂ ਨੂੰ ਹਰ ਹਫ਼ਤੇ ਸਾਫ਼ ਕਰਨਾ ਚਾਹੀਦਾ ਹੈ ਅਤੇ ਧੁੱਪ ਲਗਵਾ ਕੇ ਦੁਬਾਰਾ ਵਰਤੋਂ ਕਰਨੀ ਚਾਹੀਦੀ ਹੈ, ਖੜੇ ਪਾਣੀ ਵਿੱਚ ਕਾਲਾ ਤੇਲ ਪਾਇਆ ਜਾਵੇ ਅਤੇ ਸਾਫ਼ ਪਾਣੀ ਦੇ ਸੋਮਿਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਸੌਣ ਸਮੇਂ ਮੱਛਰ ਜਾਲੀ ਦੀ ਵਰਤੋਂ ਕੀਤੀ ਜਾਵੇ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕੀਤੀ ਜਾਵੇ।