ਪੰਜਾਬ ਦੇ ਪਿੰਡਾਂ ਦੀਆਂ ਹੋਇਆਂ ਸਿਹਤ ਸੇਵਾਵਾਂ ਠੱਪ
ਡਾ ਗੁਰਪ੍ਰੀਤ ਕੌਰ ਨਾਲ਼ ਹੋਈ ਯੂਨੀਅਨ ਆਗੂਆਂ ਦੀ ਮੀਟਿੰਗ
ਕੈਬਿਨੇਟ ਮੰਤਰੀ ਅਮਨ ਅਰੋੜਾ ਅਤੇ ਐਮਪੀ ਮੀਤ ਹੇਅਰ ਨਾਲ ਵੀ ਹੋਈ ਮੁਲਾਕਾਤ
ਜਲੰਧਰ, ਗੁਰਦਾਸਪੁਰ, 7 ਜੁਲਾਈ ( ਸਰਬਜੀਤ ਸਿੰਘ)— ਜਲੰਧਰ ਪੱਛਮੀ ਹੱਲਕੇ ਵਿੱਚ ਪੰਜਾਬ ਦੇ ਕਮਿਊਨਟੀ ਹੈਲਥ ਅਫ਼ਸਰਾਂ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ । ਰੈਲੀ ਵਿੱਚ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਚੱਲ ਰਹੇ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਦੇ ਕਮਿਊਨਟੀ ਹੈਲਥ ਅਫ਼ਸਰਾਂ ਨੇ ਵੱਢੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ।ਪ੍ਰੈਸ ਨਾਲ਼ ਗੱਲ ਕਰਦਿਆਂ ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ ਸੁਨੀਲ ਤਰਗੋਤਰਾ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦਾ ਧਰਨਾ ਉਹਨਾਂ ਵੱਲੋਂ ਆਪਣੀਆਂ ਲੰਮੇ ਸਮੇਂ ਤੋ ਲਟਕਦਿਆਂ ਆ ਰਹੀਆਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਰੋਸ ਜਾਹਿਰ ਕਰਨ ਲਈ ਲਗਾਇਆ ਗਿਆ ਹੈ

। ਜਲੰਧਰ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਮੀਟਿੰਗ ਮੁੱਖਮੰਤਰੀ ਸਾਹਿਬ ਦੀ ਧਰਮਪਤਨੀ ਡਾ ਗੁਰਪ੍ਰੀਤ ਕੌਰ ਨਾਲ ਕਰਵਾਈ ਗਈ ਜਿੱਥੇ ਆਗੂਆਂ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਅਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਾਕੀ ਸੂਬਿਆਂ ਨਾਲੋਂ ਸੀ ਐੱਚ ਓ ਨੂੰ 5000 /- ਰੁਪਏ ਘੱਟ ਤਨਖ਼ਾਹ ਦਿੱਤੀ ਜਾ ਰਹੀ ਹੈ ਜਿਸ ਨਾਲ਼ ਪਿੱਛਲੇ ਪੰਜ ਸਾਲਾਂ ਵਿੱਚ ਉਹਨਾਂ ਨੂੰ ਬਹੁਤ ਵੱਢਾ ਵਿੱਤੀ ਨੁਕਸਾਨ ਹੋ ਰਿਹਾ । ਵਿਭਾਗ ਵੱਲੋਂ ਐਨ ਐੱਚ ਐਮ ਮੁਲਾਜ਼ਮਾਂ ਨੂੰ ਨੌਕਰੀ ਦੇ 3 ਸਾਲ ਅਤੇ 5 ਸਾਲ ਪੂਰੇ ਕਰਨ ਤੇ ਮਿਲਣ ਵਾਲਾ ਲੋਇਲਟੀ ਬੋਨਸ ਵੀ ਬੰਦ ਕਰ ਦਿੱਤਾ ਗਿਆ ਹੈ । ਸਿਹਤ ਵਿਭਾਗ ਵਿੱਚ ਕੰਮ ਕਰਨ ਦੇ ਬਾਵਜੂਦ ਵੀ ਐਨ ਐੱਚ ਐਮ ਮੁਲਾਜ਼ਮਾਂ ਨੂੰ ਕੋਈ ਸਿਹਤ ਬੀਮੇ ਦੀ ਸੁਵਿਧਾ ਨਹੀ ਦਿੱਤੀ ਜਾਂਦੀ ਅਤੇ ਬਿਮਾਰ ਹੋਣ ਤੇ ਇਲਾਜ਼ ਵੀ ਆਪਣੇ ਪੱਲਿਓਂ ਹੀ ਕਰਵਾਉਣਾ ਪੈਂਦਾ ਹੈ ।ਇਸ ਤੋਂ ਇਲਾਵਾ ਵਿਭਾਗ ਵੱਲੋਂ ਸੀ ਐੱਚ ਓ ਤੇ ਲਗਾਤਾਰ ਕੰਮ ਦਾ ਬੋਝ ਨਾਜਾਇਜ ਤੌਰ ਤੇ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਟਾਰਗੇਟ ਵਿੱਚ ਵਾਧਾ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ । ਸੀ ਐੱਚ ਓ ਨੂੰ ਨੌਕਰੀ ਤੋਂ ਕੱਢਣ ਦਾ ਧਮਕੀ ਭਰਿਆ ਪੱਤਰ ਵੀ ਵਿਭਾਗ ਵੱਲੋਂ ਜਾਰੀ ਕੀਤਾ ਜਾ ਚੁਕਿਆ ਹੈ ਅਤੇ ਸਾਨੂੰ ਗੁਲਾਮੀ ਕਰਨ ਲਈ ਮਜਬੂਰ ਕਰ ਰਿਹਾ ਹੈ । ਡਾ ਗੁਰਪ੍ਰੀਤ ਜੀ ਵੱਲੋਂ ਉਹਨਾਂ ਨੂੰ ਪੈਨਲ ਮੀਟਿੰਗ ਕਰਵਾਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਯੂਨੀਅਨ ਆਗੂਆਂ ਵੱਲੋਂ ਕੈਬਿਨੇਟ ਸਬ ਕੀਮੇਟੀ ਮੈਂਬਰ ਕੈਬਿਨੇਟ ਮੰਤਰੀ ਅਮਨ ਅਰੋੜਾ ਅਤੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨਾਲ ਵੀ ਵੱਖ ਵੱਖ ਮੁਲਾਕਾਤ ਕੀਤੀ ਅਤੇ ਉਹਨਾਂ ਵੱਲੋਂ ਵੀ ਪੈਨਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ । ਆਗੂਆਂ ਨੇ ਕਿਹਾ ਕਿ ਅੱਜ ਸਾਡੀ ਵੱਡੀ ਜਿੱਤ ਹੋਈ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਸਰਕਾਰ ਸਾਡੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰੇਗੀ । ਰੈਲੀ ਵਿੱਚ ਸੀਨੀਅਰ ਆਗੂ ਕੌਰਜੀਤ ਸਿੰਘ, ਰਾਮ ਪਰਸ਼ਾਦ, ਨਰਿੰਦਰ ਸ਼ਰਮਾ, ਐਨ ਐੱਚ ਐਮ ਆਗੂ ਅਵਤਾਰ ਸਿੰਘ, ਗੁਰਪ੍ਰੀਤ ਭੁੱਲਰ ਹਰਮਨਦੀਪ ਵਿਸ਼ੇਸ਼ ਤੌਰ ਤੇ ਪਹੁੰਚੇ।
ਉਹਨਾਂ ਨਾਲ਼ ਜ਼ਿਲ੍ਹਾ ਮੋਹਾਲੀ ਤੋਂ ਦੀਪਸ਼ਿਖਾ , ਫ਼ਿਰੋਜ਼ਪੁਰ ਤੋਂ ਡਾ ਪ੍ਰੀਤ ਮਖੀਜਾ ਤੇ ਨਰਿੰਦਰ ਸਿੰਘ,ਰੂਪਨਗਰ ਤੋਂ ਤਰਜਿੰਦਰ ਕੌਰ, ਫਤਿਹਗੜ੍ਹ ਸਾਹਿਬ ਤੋਂ ਸਿਮਰਨਜੀਤ ਕੌਰ , ਤਰਨ ਤਾਰਨ ਤੋਂ ਜੈਸਮੀਨ, ਲੁਧਿਆਣਾ ਤੋਂ ਡਾ ਬਲਵੀਰ ਤੇ ਹਰਪਿੰਦਰ ਕੌਰ, ਬਠਿੰਡਾ ਤੋਂ ਰਮਨਵੀਰ ਕੌਰ, ਫ਼ਾਜ਼ਿਲਕਾ ਤੋਂ ਕੁਲਦੀਪ ਸਿੰਘ , ਸ਼੍ਰੀ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ, ਮੈਜਰ ਸਿੰਘ, ਓਮ ਪ੍ਰਕਾਸ਼ ਨੰਦੀਵਾਲ , ਬਲਕਰਨ ਸਿੰਘ, ਸੰਗਰੂਰ ਤੋਂ ਨਿਸ਼ਾ ਅਗਰਵਾਲ, ਮਾਨਸਾ ਤੋਂ ਦਵਿੰਦਰ ਸਿੰਘ, ਸੰਜੀਵ ਗਡਾਈ, ਮਲੇਰਕੋਟਲਾ ਤੋਂ ਡਾ ਜਤਿੰਦਰ ਸਿੰਘ, ਫ਼ਰੀਦਕੋਟ ਤੋਂ ਸੰਦੀਪ ਸਿੰਘ, ਪਠਾਨਕੋਟ ਤੋਂ ਡਾ ਵਿਮੁਕਤ, ਗੁਰਦਾਸਪੁਰ ਤੋਂ ਡਾ ਰਵਿੰਦਰ ਕਾਹਲੋਂ, ਸੂਰਜ ਪ੍ਰਕਾਸ਼, ਵਿਕਾਸ ਜੋਇਲ ਆਦੀ ਹਾਜ਼ਰ ਸਨ ।


