ਗੁਰਦਾਸਪੁਰ, 15 ਜੂਨ (ਸਰਬਜੀਤ ਸਿੰਘ)– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਕਿਸਾਨੀ ਅੰਦੋਲਨ 2020-21 ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀਆਂ ਤੇ ਮੁਆਵਜ਼ਾ ਰਾਸ਼ੀ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਨੇ ਪੰਜਾਬ ਸਰਕਾਰ ਤੇ ਦਬਾਅ ਬਣਾਇਆ। ਸ਼ਹੀਦ ਪਰਿਵਾਰਾਂ ਨੇ ਲੰਬਾ ਸਮਾਂ ਸੰਘਰਸ਼ ਕੀਤਾ ਤਾਂ ਕਰੀਬ 110 ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ, ਪਰ ਹਾਲਾਂ ਵੀ ਕੁਝ ਪਰਿਵਾਰ ਨੌਕਰੀਆਂ ਤੋਂ ਵਾਂਝੇ ਹਨ। ਜਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ 12 ਪਰਿਵਾਰਾਂ ਨੂੰ ਵੀ ਖੇਤੀਬਾੜੀ ਵਿਭਾਗ ਵਿੱਚ ਸਰਕਾਰੀ ਨੌਕਰੀਆਂ ਮਿਲੀਆਂ। ਸ਼ਹੀਦ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਲਈ ਚੱਲੇ ਸੰਘਰਸ਼ ਵਿੱਚ ਵੱਲੋਂ ਪਾਏ ਗਏ ਯੋਗਦਾਨ ਨੂੰ ਮੁੱਖ ਰੱਖਦਿਆਂ ਕੁਝ ਪਰਿਵਾਰ ਪਿੰਡ ਭੋਜਰਾਜ ਪਹੁੰਚੇ।