ਚੋਣਾਂ ਦੀ ਸੰਪੂਰਨ ਪ੍ਰਕਿਰਿਆ ਨੂੰ ਪਾਰਦਰਸ਼ੀ, ਆਜ਼ਾਦਾਨਾ, ਨਿਰਪੱਖ ਅਤੇ ਬਿਨਾਂ ਕਿਸੇ ਤਰੁੱਟੀ ਦੇ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ – ਜ਼ਿਲ੍ਹਾ ਚੋਣ ਅਧਿਕਾਰੀ
ਗੁਰਦਾਸਪੁਰ, 29 ਮਈ ( ਸਰਬਜੀਤ ਸਿੰਘ ) – ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਸ਼ੇਸ਼ ਸਾਰੰਗਲ ਨੇ ਸੈਕਟਰ ਅਫ਼ਸਰਾਂ ਨੂੰ ਕਿਹਾ ਹੈ ਕਿ ਉਹ ਆਪਣੀ ਚੋਣ ਡਿਊਟੀ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਇਮਾਨਦਾਰੀ, ਤਨਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ ਤਾਂ ਜੋ ਚੋਣਾਂ ਦੀ ਸੰਪੂਰਨ ਪ੍ਰਕਿਰਿਆ ਨੂੰ ਪਾਰਦਰਸ਼ੀ, ਆਜ਼ਾਦਾਨਾ, ਨਿਰਪੱਖਤਾ ਅਤੇ ਬਿਨਾਂ ਕਿਸੇ ਤਰੁੱਟੀ ਦੇ ਨੇਪਰੇ ਚਾੜ੍ਹਿਆ ਜਾ ਸਕੇ।
ਅੱਜ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਜ਼ਿਲ੍ਹੇ ਭਰ ਦੇ ਸੈਕਟਰ ਅਫ਼ਸਰਾਂ ਦੀ ਕਰਵਾਈ ਵਿਸ਼ੇਸ਼ ਟਰੇਨਿੰਗ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਸੈਕਟਰ ਅਫ਼ਸਰ ਵੱਲੋਂ ਪੋਲਿੰਗ ਸਟਾਫ਼ ਦੀ ਰਿਹਰਸਲ ਦੌਰਾਨ ਉਨ੍ਹਾਂ ਨੂੰ ਪੋਲਿੰਗ ਪ੍ਰੀਕ੍ਰਿਆ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਹਰ ਤਰ੍ਹਾਂ ਦੇ ਸ਼ੰਕਿਆਂ ਦੀ ਨਵਿਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਸੈਕਟਰ ਅਫ਼ਸਰ ਪੋਲਿੰਗ ਪਾਰਟੀਆਂ ਦੀ ਰਵਾਨਗੀ ਮੌਕੇ ਪੋਲਿੰਗ ਸਟਾਫ਼ ਨੂੰ ਗਾਈਡ ਕਰੇ ਇਹ ਯਕੀਨੀ ਬਣਾਵੇ ਕਿ ਈ.ਵੀ.ਐੱਮ. ਮਸ਼ੀਨਾਂ ਦੇ ਨਾਲ ਉਨ੍ਹਾਂ ਨੂੰ ਸਾਰੇ ਫਾਰਮ ਆਦਿ ਮਿਲਣ। ਪੋਲਿੰਗ ਸਟਾਫ਼ ਦੇ ਪੋਲਿੰਗ ਸਟੇਸ਼ਨ ਵਿਖੇ ਰਾਤ ਸਮੇਂ ਠਹਿਰਾਅ ਅਤੇ ਅਗਲੇ ਦਿਨ ਵੋਟਾਂ ਦੀ ਸ਼ੁਰੂਆਤ ਤੋਂ ਸਾਮ ਤੱਕ ਵੋਟਾਂ ਦੀ ਸਮਾਪਤੀ ਅਤੇ ਈ.ਵੀ.ਐੱਮ. ਮਸ਼ੀਨਾਂ ਜਮਾਂ ਕਰਾਉਣ ਤੱਕ ਆਪਣੀ ਡਿਊਟੀ ਨੂੰ ਪੂਰੀ ਚੌਕਸੀ ਤੇ ਜਿੰਮੇਵਾਰੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਸੈਕਟਰ ਅਫ਼ਸਰ ਵੱਲੋਂ ਸਮੇਂ-ਸਮੇਂ ਕੀਤੀ ਜਾਣ ਵਾਲੀ ਰੀਪੋਰਟਿੰਗ ਨੂੰ ਬਿਲਕੁਲ ਸਹੀ ਤੇ ਸਮੇਂ ਸਿਰ ਕੀਤਾ ਜਾਵੇ।