ਮਾਨਸਾ, ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ), ਆਲ ਇੰਡੀਆ ਕਿਸਾਨ ਮਹਾਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਬਾਰੇ ਸੋਸ਼ਲ ਮੀਡੀਆ ‘ਤੇ ਇਕ ਝੂਠੀ ਤੇ ਕਿਰਦਾਰਕੁਸ਼ੀ ਕਰਦੀ ਵੀਡੀਓ ਵਾਇਰਲ ਕਰਨ ਵਾਲੇ ਬੀਜੇਪੀ ਆਈਟੀ ਸੈਲ ਦੇ ਜ਼ਿਲਾ ਇੰਚਾਰਜ ਖਿਲਾਫ ਮਾਨਸਾ ਪੁਲਸ ਨੇ ਫੌਜਦਾਰੀ ਕੇਸ ਦਰਜ ਕਰ ਲਿਆ ਹੈ।
ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਦਸਿਆ ਹੈ ਕਿ ਉਨਾਂ ਅਜਿਹੀ ਝੂਠੀ ਅਫਵਾਹ ਫੈਲਾਉਣ ਵਾਲਿਆਂ ਖਿਲਾਫ ਪਾਰਟੀ ਤੇ ਜਨਤਕ ਜਥੇਬੰਦੀਆਂ ਵਲੋਂ ਦਿੱਤੀ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਪੁਲਸ ਨੇ ਮਾਨਸਾ ਸਿਟੀ 2 ਥਾਣੇ ਵਿਚ ਐਫ ਆਈ ਆਰ ਨੰਬਰ 89 ਮਿਤੀ 14 ਮਈ 2024 ਤਹਿਤ ਕੇਸ ਦਰਜ ਕਰ ਲਿਆ ਹੈ। ਜਿਸ ਵਿਚ ਅਮਨਦੀਪ ਸਿੰਘ ਮਾਨ ਜ਼ਿਲਾ ਇੰਚਾਰਜ ਬੀਜੇਪੀ ਆਈਟੀ ਸੈਲ ਮਾਨਸਾ ਖ਼ਿਲਾਫ਼ ਆਈਪੀਸੀ ਦੀ ਧਾਰਾ 469, 500 ਤੇ 502 ਲਾਈ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜਗਾ ਜਗਾ ਬੀਜੇਪੀ ਉਮੀਦਵਾਰਾਂ ਤੋਂ ਸੁਆਲ ਪੁੱਛਣ ਤੇ ਕਾਲੇ ਝੰਡੇ ਵਿਖਾਉਣ ਦੇ ਜੁਆਬ ਵਿਚ ਬੀਜੇਪੀ ਅਪਣੇ ਆਈਟੀ ਸੈਲ ਤੇ ਮੀਡੀਏ ਰਾਹੀਂ ਕਿਸਾਨ ਆਗੂਆਂ ਖ਼ਿਲਾਫ਼ ਅਫਵਾਹਾਂ ਫੈਲਾਉਣ ਤੇ ਉਨਾਂ ਦੀ ਕਿਰਦਾਰਕੁਸ਼ੀ ਕਰਨ ਦੇ ਕਮੀਨੇ ਹੱਥਕੰਡਿਆਂ ਉਤੇ ਉਤਰ ਆਈ ਹੈ।
ਇਸ ਲਈ ਦੀ ਪਾਰਟੀ ਦੀ ਮੰਗ ਹੈ ਕਿ ਕਿਸਾਨ ਅੰਦੋਲਨ ਦੇ ਰੁਲਦੂ ਸਿੰਘ ਮਾਨਸਾ ਵਰਗੇ ਇਕ ਜਾਣੇ ਪਹਿਚਾਣੇ ਕਿਸਾਨ ਆਗੂ ਖ਼ਿਲਾਫ਼ ਕਿਸਾਨ ਮੋਰਚੇ ਲਈ ਆਏ ਪੈਸੇ ਨਾਲ ਕਰਨਾਲ ਵਿਖੇ ਇਕ ਬਹੁਕਰੋੜੀ ਹੋਟਲ ਖੋਹਲਣ ਵਰਗੀਆਂ ਝੂਠੀਆਂ ਪੋਸਟਾਂ ਬਣਾਉਣ ਤੇ ਵਾਇਰਲ ਕਰਨ ਵਾਲੇ ਸਾਰੇ ਸਾਜਿਸੀਆਂ ਨੂੰ ਗ੍ਰਿਫਤਾਰ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ।