ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)-ਦੇਸ਼ ਦੀ ਸਰਵ ਉੱਚ ਅਦਾਲਤ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਅੰਤਿਮ ਜਮਾਨਤ ਦੇ ਸੰਬੰਧ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਜਿਥੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ ਉਸ ਦੇ ਨਾਲ ਹੀ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦੇ ਸੁਪਰੀਮ ਕੋਰਟ ਨੇ ਦੇਸ਼ ਦੇ ਲੋਕਤੰਤਰ ਦੀ ਹੋਂਦ ਨੂੰ ਬਚਾਇਆ ਹੈ। ਬਹਿਲ ਨੇ ਕਿਹਾ ਕਿ ਅੱਜ ਪੂਰੇ ਦੇਸ਼ ਦੇ ਲੋਕਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਹਨ ਅਤੇ ਨਾਲ ਹੀ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਦੇਸ਼ ਦੀਆਂ ਅਦਾਲਤਾਂ ਸਰਕਾਰਾਂ ਵੱਲੋਂ ਲੋਕਾਂ ਨਾਲ ਕੀਤੀ ਜਾ ਕਥਿਤ ਧੱਕੇਸ਼ਾਹੀਆਂ ਦੇ ਮਾਮਲੇ ਵਿਚ ਨਿਰਪੱਖ ਫੈਸਲੇ ਕਰਨ ਤੋਂ ਪਿੱਛੇ ਨਹੀਂ ਹਟਦੀਆਂ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਵੱਧ ਰਹੀ ਲੋਕਪ੍ਰਿਅਤੀ ਨੂੰ ਦੇਖਦਿਆਂ ਅਰਵਿੰਦ ਕੇਜਰੀਵਾਲ ਨੂੰ ਈਡੀ ਦੀ ਦੁਰਵਰਤੋਂ ਕਰਕੇ ਗ੍ਰਿਫਤਾਰ ਕਰਵਾਇਆ ਸੀ ਜਿਸ ਕਾਰਨ ਪੂਰੇ ਦੇਸ਼ ਦੇ ਲੋਕਾਂ ਵਿੱਚ ਭਾਜਪਾ ਕੋਝੀ ਚਾਲ ਨੂੰ ਲੈ ਕੇ ਗੁੱਸੇ ਦੀ ਲਹਿਰ ਸੀ। ਉਨਾਂ ਕਿਹਾ ਕਿ ਦੇਸ਼ ਦੀਆਂ ਅਜਿਹੀਆਂ ਅਹਿਮ ਏਜੰਸੀਆਂ ਦੀ ਦੁਰਵਰਤੋਂ ਕਰਕੇ ਨਰਿੰਦਰ ਮੋਦੀ ਅਤੇ ਉਹਨਾਂ ਦੀ ਪਾਰਟੀ ਸੱਤਾ ਹਥਿਆਉਣੀ ਚਾਹੁੰਦੀ ਹੈ, ਪਰ ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਲੋਕ ਕਦੇ ਵੀ ਅਜਿਹੇ ਜਬਰ ਦੇ ਅੱਗੇ ਝੁਕਣ ਵਾਲੇ ਨਹੀਂ। ਅੱਜ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਇਸ ਅੰਤਿਮ ਜਮਾਨਤ ਨੇ ਇਕ ਵਾਰ ਫਿਰ ਦੇਸ਼ ਵਾਸੀਆਂ ਨੂੰ ਨਿਰਪੱਖ ਫੈਸਲਿਆਂ ਅਤੇ ਇਨਸਾਫ ਦੀ ਉਮੀਦ ਦਿਖਾਈ ਹੈ ਅਤੇ ਉਨਾਂ ਨੂੰ ਪੂਰਨ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਰਵਿੰਦ ਕੇਜਰੀਵਾਲ ਨੂੰ ਇਸੇ ਤਰ੍ਹਾਂ ਅਦਾਲਤ ਤੋਂ ਇਨਸਾਫ਼ ਮਿਲੇਗਾ ਅਤੇ ਨਾਲ ਹੀ ਦੇਸ਼ ਦੇ ਲੋਕ ਵੀ ਉਨਾਂ ਨੂੰ ਭਰਪੂਰ ਸਮਰਥਨ ਦੇਣਗੇ। ਬਹਿਲ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਅਜੇ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਜ਼ੁਲਮ ਕਰਕੇ ਉਸ ਦੇਸ਼ ਦੇ ਲੋਕਾਂ ਦੇ ਮਨ ਅਤੇ ਫੈਸਲੇ ਨੂੰ ਬਦਲ ਨਹੀਂ ਸਕਦੇ।