22 ਮਈ ਕਲਾਨੌਰ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਲੰਗਾਹ ਲੈਣਗੇ ਆਪਣੇ ਭਵਿੱਖ ਦਾ ਫੈਸਲਾ
ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)–ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਰਾਜ਼ ਚੱਲ ਰਹੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਆਪਣੇ ਸਖਤ ਤੇਵਰ ਦਿਖਾਉਂਦੇ ਹੋਏ ਆਪਣੇ ਸਮਰਥਕਾਂ ਸਮੇਤ ਧਾਰੀਵਾਲ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੇ ਆਪਣੇ ਹੀ ਮਾਰਨ ਵਿੱਚ ਲੱਗੇ ਹੋਏ ਹਨ ਅਤੇ ਇਸ ਲੋਕ ਸਭਾ ਚੋਣਾਂ ਵਿੱਚ ਮੇਰੇ ਨਾਲ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਜਿਸ ਕਰਕੇ ਉਹਨਾਂ ਨੇ ਐਲਾਨ ਕੀਤਾ ਕਿ ਉਹ 22 ਤਰੀਕ ਨੂੰ ਇੱਕ ਵੱਡੀ ਰੈਲੀ ਕਰਨਗੇ ਅਤੇ ਉਸਦੇ ਵਿੱਚ ਉਹ ਕੋਈ ਵੱਡਾ ਫੈਸਲਾ ਲੈਣਗੇ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਲੋਕਲ ਲੀਡਰਸ਼ਿਪ ਨੂੰ ਕੋਸਦੇ ਹੋਏ ਕਿਹਾ ਕਿ ਕਾਂਗਰਸ ਨੇ ਉਹਨਾਂ ਦਾ ਘੱਟ ਨੁਕਸਾਨ ਕੀਤਾ ਹੈ ਪਰ ਉਨਾਂ ਦੇ ਆਪਣਿਆਂ ਨੇ ਹੀ ਉਸ ਦਾ ਵੱਡਾ ਨੁਕਸਾਨ ਕੀਤਾ ਹੈ। ਕੁਝ ਲੋਕਲ ਅਕਾਲੀ ਆਗੂ ਹਾਈਕਮਾਨ ਨੂੰ ਗਲਤ ਗਾਈਡ ਕਰ ਰਹੇ ਹਨ ਜਿਸ ਕਰਕੇ ਅਕਾਲੀ ਦਲ ਦਾ ਵੱਡਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਅਜੇ ਵੀ ਅਕਾਲੀ ਦਲ ਨੇ ਉਹਨਾਂ ਨਾਲ ਸੰਪਰਕ ਨਾਂ ਕੀਤਾ ਤਾਂ ਉਹਨਾਂ ਨੂੰ ਇੱਕ ਵੱਡੀ ਹਾਰ ਦਾ ਮੂੰਹ ਦੇਖਣਾ ਪਵੇਗਾ।
ਕੀ ਕਹਿੰਦੇ ਹਨ ਗਿਆਨ ਸਿੰਘ ਜੌੜਾ ਛੱਤਰਾਂ-
ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ, ਸ਼ੂਗਰ ਕੰਟਰੋਲ ਬੋਰਡ ਕਮੇਟੀ ਦੇ ਸਾਬਕਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗਿਆਨ ਸਿੰਘ ਜੌੜਾ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਰਪ੍ਰਸਤ ਸੁਖਬੀਰ ਸਿੰਘ ਬਾਦਲ ਚਾਹੁੰਦੇ ਹਨ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਿਆ ਜਾਵੇ ਤਾਂ ਉਹ ਜੱਥੇਦਾਰ ਸੁੱਚਾ ਸਿੰਘ ਲੰਗਾਹ ਸਾਬਕਾ ਮੰਤਰੀ ਪੰਜਾਬ ਦੀ ਲੀਡਰਸ਼ਿਪ ਤੋਂ ਬਿਨ੍ਹਾਂ ਕਾਂਗਰਸ ਨੂੰ ਭਾਂਜ ਨਹੀਂ ਦੇ ਸਕਦੇ, ਕਿਉੰਕਿ ਜਥੇਦਾਰ ਲੰਗਾਹ ਹੀ ਹਨ ਜਿਨ੍ਹਾਂ ਦਾ ਜਿਲ੍ਹਾ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਵਿੱਚ ਬਹੁਤ ਅਸਰਰਸੂਖ ਹੈ। ਲੋਕ ਲੰਗਾਹ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ। ਸਮੁੱਚੀ ਅਕਾਲੀ ਦਲ ਵਰਕਰ ਇਹ ਚਾਹੁੰਦੇਹਨ ਕਿ ਲੰਗਾਹ ਨੂੰ ਅਕਾਲੀ ਦਲ ਵਿੱਚ ਨਿਵਾਜਿਆ ਜਾਵੇ ਤਾਂ ਜੋ ਪਾਰਟੀ ਮਜਬੂਤ ਹੋ ਸਕੇਂ।



