ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)– ਗੁਰਦਾਸਪੁਰ ਬਰਿਆਰ ਬਾਈਪਾਸ ਨੇੜੇ ਪ੍ਰਬੋਧ ਚੰਦਨ ਨਗਰ ਦੇ ਸੂਏ ਨੇੜੇ ਦੇਰ ਰਾਤ ਇੱਕ ਮਹਿੰਦਰਾ ਐਸ ਯੂ ਵੀ ਗੱਡੀ ਈ ਰਿਕਸ਼ਾ ਵਾਲੇ ਨੂੰ ਬਚਾਉਂਦੇ ਹੋਏ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਵਿੱਚ ਜਾ ਵੱਜੀ ਜਿਸ ਕਾਰਨ ਟਰਾਂਸਫਾਰਮਰ ਅਤੇ ਦੋ ਬਿਜਲੀ ਦੇ ਖੰਬੇ ਨੁਕਸਾਨੇ ਗਏ ਹਨ ਅਤੇ ਇਲਾਕੇ ਦੀ ਬਿਜਲੀ ਦੇਰ ਰਾਤ ਤੋਂ ਹੀ ਬੰਦ ਪਈ ਹੈ। ਪਾਵਰਕੌਮ ਦੇ ਕਰਮਚਾਰੀ ਗੱਡੀ ਦੇ ਮਾਲਕ ਕੋਲੋਂ ਨੁਕਸਾਨ ਦੀ ਭਰਪਾਈ ਕਰਵਾਉਣ ਅਤੇ ਦੇਰ ਸ਼ਾਮ ਤੱਕ ਬਿਜਲੀ ਬਹਾਲ ਕਰਵਾਉਣ ਦੀ ਗੱਲ ਕਰ ਰਹੇ ਹਨ।
ਦੂਜੇ ਪਾਸੇ ਗੱਡੀ ਦੇ ਮਾਲਕ ਵਨੀਤ ਗੋਤਮ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਅਤੇ ਇੱਕ ਪਰਿਵਾਰਕ ਮੈਂਬਰ ਨਾਲ ਗੁਰਦਾਸਪੁਰ ਤੋਂ ਬਰਿਆਰ ਬਾਈਪਾਸ ਇੱਕ ਢਾਬੇ ਤੇ ਖਾਨਾ ਖਾਣ ਜਾ ਰਹੇ ਸਨ ਕਿ ਅਚਾਨਕ ਇੱਕ ਈ ਰਿਕਸ਼ਾ ਚਾਲਕ ਨੂੰ ਸਾਈਡ ਲੱਗਣ ਤੋਂ ਬਚਾਉਣ ਦੇ ਚੱਕਰ ਵਿੱਚ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਸੜਕ ਕਿਨਾਰੇ ਬਿਜਲੀ ਦੇ ਟ੍ਰਾਂਸਫਾਰਮਰ ਅਤੇ ਖੰਭਿਆਂ ਨਾਲ ਜਾ ਟਕਰਾਈ। ਟੱਕਰ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਦਕਿ ਪਾਵਰਕੋਮ ਦੇ ਟ੍ਰਾਂਸਫਾਰਮਰ ਅਤੇ ਖੰਭਿਆਂ ਦਾ ਵੀ ਨੁਕਸਾਨ ਹੋਇਆ ਹੈ ਅਤੇ ਈ ਰਿਕਸ਼ਾ ਚਾਲਕ ਵੀ ਜ਼ਖਮੀ ਹੋਇਆ ਹੈ। ਉਸਨੇ ਦੱਸਿਆ ਕਿ ਉਹ ਜਖਮੀ ਈ ਰਿਕਸ਼ਾ ਚਾਲਕ ਦਾ ਇਲਾਜ ਵੀ ਕਰਵਾ ਰਹੇ ਹਨ ਅਤੇ ਪਾਵਰਕੋਮ ਦਾ ਨੁਕਸਾਨ ਭਰਨ ਵਿੱਚ ਵੀ ਆਨਾਕਾਨੀ ਨਹੀਂ ਕਰਨਗੇ। ਉਧਰ ਇਲਾਕੇ ਦੇ ਜੇ ਈ ਪਾਵਰਕੋਮ ਨੇ ਦੱਸਿਆ ਕਿ ਦੁਰਘਟਨਾ ਕਾਰਨ ਪਾਵਰਕੋਮ ਦਾ 3 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਜਿਸ ਦੀ ਭਰਪਾਈ ਗੱਡੀ ਦੇ ਮਾਲਕ ਕੋਲੋਂ ਕੀਤੀ ਜਾਵੇਗੀ ਅਤੇ ਇਸ ਦੇ ਲਈ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ । ਉਹਨਾਂ ਦੱਸਿਆ ਕਿ ਇਸ ਦੁਰਘਟਨਾ ਨਾਲ ਇਲਾਕੇ ਦੀ ਬਿਜਲੀ ਵੀ ਪ੍ਰਭਾਵਿਤ ਹੋਈ ਹੈ ਪਰ ਕੁਝ ਇਲਾਕੇ ਦੀ ਬਿਜਲੀ ਚਾਲੂ ਕਰ ਦਿੱਤੀ ਗਈ ਹੈ ਅਤੇ ਬਾਕੀ ਸ਼ਾਮ ਤੱਕ ਚਾਲੂ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਦੁਰਘਟਨਾ ਕਾਰਨ ਗੱਡੀ ਵੀ ਬੁਰੀ ਤਰਹਾਂ ਨੁਕਸਾਨੀ ਗਈ ਹੈ।