ਚੋਣਾਂ ਦੌਰਾਨ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਮੁਹਿੰਮ ਜਾਰੀ
ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਅਤੇ ਐੱਸ.ਐੱਸ.ਪੀ. ਬਟਾਲਾ ਅਸ਼ਵਨੀ ਗੋਟਿਆਲ ਦੇ ਨਿਰਦੇਸ਼ਾਂ ਤਹਿਤ ਪੁਲਿਸ ਵਿਭਾਗ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਅੱਜ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਵੱਖ-ਵੱਖ ਪਿੰਡਾਂ ਵਿੱਚ ਛਾਪੇਮਾਰੀ ਕਰਕੇ 300 ਕਿੱਲੋ ਲਾਹਨ ਅਤੇ 80 ਬੋਤਲਾਂ (60,000 ਐੱਮ.ਐੱਲ) ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਇਸ ਸਬੰਧੀ 3 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਐਕਸਾਈਜ਼) ਗੁਰਦਾਸਪੁਰ ਰੇਂਜ ਹਨਵੰਤ ਸਿੰਘ ਨੇ ਦੱਸਿਆ ਕਿ ਅੱਜ ਐਕਸਾਈਜ਼ ਅਫ਼ਸਰ ਅਮਨਬੀਰ ਸਿੰਘ ਅਤੇ ਪੁਲਿਸ ਵਿਭਾਗ ਦੀ ਟੀਮ ਵੱਲੋਂ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਪਿੰਡ ਨਬੀ ਨਗਰ ਡੇਰਾ, ਬਰਿਆਰ, ਧਿਆਨਪੁਰ, ਬਸੰਤਕੋਟ, ਕੋਟਲੀ ਅਤੇ ਢਿਲਵਾਂ ਵਿਖੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਪਿੰਡ ਬਰਿਆਰ ਦੇ ਹਰਦੇਵ ਸਿੰਘ ਪੁੱਤਰ ਗਿਆਨ ਸਿੰਘ ਦੇ ਘਰੋਂ 20 ਬੋਤਲਾਂ ਨਜਾਇਜ਼ ਸ਼ਰਾਬ, ਪਿੰਡ ਧਿਆਨਪੁਰ ਦੇ ਸਵਿੰਦਰ ਮਸੀਹ ਪੁੱਤਰ ਬਾਊ ਮਸੀਹ ਦੇ ਘਰੋਂ 30 ਬੋਤਲਾਂ ਨਜਾਇਜ਼ ਸ਼ਰਾਬ ਅਤੇ ਪਿੰਡ ਬਸੰਤ ਕੋਟ ਦੇ ਭਗਵਾਨ ਸਿੰਘ ਪੁੱਤਰ ਜਗਤਾਰ ਸਿੰਘ ਦੇ ਘਰੋਂ 300 ਕਿੱਲੋ ਲਾਹਨ ਅਤੇ 30 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਜੋ ਕੁੱਲ 300 ਕਿੱਲੋ ਲਾਹਨ ਅਤੇ 80 ਬੋਤਲਾਂ (60,000 ਐੱਮ.ਐੱਲ) ਨਜਾਇਜ਼ ਸ਼ਰਾਬ ਦੀ ਮਾਤਰਾ ਬਣਦੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ 3 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਅਤੇ ਇੱਕ ਦੋਸ਼ੀ ਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।


