ਮਾਨਸਾ, ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਮਾਨਸਾ ਸ਼ਹਿਰ ਕਮੇਟੀ ਵਲੋਂ ਅੱਜ ਇਥੇ ਸ਼ਹੀਦ ਬਾਬਾ ਜੀਵਨ ਸਿੰਘ ਪਾਰਕ ਵਿਚ ਸ਼ਹੀਦ ਭਗਤ ਸਿੰਘ ਰਾਜਗੁਰੂ, ਸੁਖਦੇਵ ਅਤੇ ਉਘੇ ਇਨਕਲਾਬੀ ਕਵੀ ਸ਼ਹੀਦ ਪਾਸ਼ ਦਾ ਸ਼ਹੀਦੀ ਦਿਹਾੜਾ ਸੰਕਲਪ ਦਿਵਸ ਦੇ ਰੂਪ ਵਿਚ ਮਨਾਇਆ ਗਿਆ।
ਇਸ ਮੌਕੇ ਲਿਬਰੇਸ਼ਨ ਵਲੋਂ 2018 ਵਿਚ ਇਥੇ ਸਥਾਪਤ ਤਿੰਨਾਂ ਸ਼ਹੀਦਾਂ ਦੇ ਬੁੱਤਾਂ ਉਤੇ ਫੁੱਲ ਚੜ੍ਹਾਏ ਗਏ ਅਤੇ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਅਮਰ ਸ਼ਹੀਦਾਂ ਨੂੰ ਲਾਲ ਸਲਾਮ ਦੇ ਨਾਹਰੇ ਲਾਏ ਗਏ । ਇਸ ਮੌਕੇ ਇਥੇ ਹੀ ਕੀਤੀ ਗਈ ਸ਼ਹੀਦੀ ਸਭਾ ਨੂੰ ਪਾਰਟੀ ਦੀ ਸ਼ਹਿਰ ਕਮੇਟੀ ਦੇ ਸਕੱਤਰ ਕਾਮਰੇਡ ਸੁਰਿੰਦਰ ਪਾਲ ਸ਼ਰਮਾ, ਜਸਬੀਰ ਕੌਰ ਨੱਤ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਜਿਲਾ ਪ੍ਰਧਾਨ ਬਲਵਿੰਦਰ ਕੌਰ ਖਾਰਾ, ਕ੍ਰਿਸ਼ਨਾ ਕੌਰ, ਗੁਰਜੰਟ ਸਿੰਘ ਮਾਨਸਾ ਮਾਨਸਾ, ਨੌਜਵਾਨ ਆਗੂ ਗਗਨਦੀਪ ਸਿਰਸੀਵਾਲਾ, ਆਇਸਾ ਦੇ ਕਨਵੀਨਰ ਸੁਖਜੀਤ ਰਾਮਾਨੰਦੀ, ਅਰਸ਼ਦੀਪ ਖੋਖਰ, ਹਰਮੀਤ ਸਿੰਘ, ਪੰਜਾਬ ਕਿਸਾਨ ਯੂਨੀਅਨ ਆਗੂ ਸਿਮਰਜੀਤ ਕੁੱਲਰੀਆਂ, ਲਾਭ ਸਿੰਘ, ਗੁਰਮੀਤ ਸਿੰਘ ਧਾਲੀਵਾਲ, ਮੇਜਰ ਸਿੰਘ ਦੁਲੋਵਾਲ ਜਮੁਹਰੀ ਕਿਸਾਨ ਸਭਾ ਵੀ ਨੇ ਸੰਬੋਧਨ ਕੀਤਾ।
ਇਸ ਮੌਕੇ ਜੁੜੇ ਲੋਕਾਂ ਵਲੋਂ ਸੰਕਲਪ ਲਿਆ ਗਿਆ ਕਿ ਦੇਸ਼ ਦੇ ਸੰਵਿਧਾਨ, ਲੋਕਤੰਤਰ ਅਤੇ ਫੈਡਰਲ ਤੇ ਧਰਮ ਨਿਰਪੱਖ ਢਾਂਚੇ ਨੂੰ ਬਚਾਉਣ ਲਈ ਉਹ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਫਿਰਕੂ ਫਾਸਿਸਟ ਸੰਘ-ਬੀਜੇਪੀ ਗਿਰੋਹ ਤੇ ਉਸ ਦੇ ਭਾਈਵਾਲਾਂ ਨੂੰ ਹਰਾਉਣ ਲਈ ਪੂਰੀ ਤਾਕਤ ਨਾਲ ਜਨਤਕ ਮੁਹਿੰਮ ਚਲਾਉਣਗੇ।



