ਵਿਦਿਆਰਥੀਆਂ ਦੀ ਜਮਹੂਰੀਅਤ ਦਾ ਘਾਣ‌ ਕਰਨਾ ਬੰਦ ਕੀਤਾ ਜਾਵੇ ਅਤੇ ਕੈਂਪਸਾਂ ਦੀ ਡੈਮੋਕਰੇਸੀ ਬਹਾਲ ਕੀਤੀ ਜਾਵੇ- ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ

ਬਠਿੰਡਾ-ਮਾਨਸਾ

ਬੁਢਲਾਡਾ, ਗੁਰਦਾਸਪੁਰ, 22 ਮਾਰਚ (ਸਰਬਜੀਤ ਸਿੰਘ)– ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਇਕਾਈ ਵੱਲੋਂ ਵਫ਼ਦ ਦੇ ਰੂਪ ਵਿੱਚ ਕਾਲਜ ਪ੍ਰਸ਼ਾਸਨ ਦੇ ਗੈਰ ਜਮਹੂਰੀ ਰਵੱਈਏ ਖਿਲਾਫ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਡੀਸੀ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਗੁਰੂ ਨਾਨਕ ਕਾਲਜ ਦੀ ਇਕਾਈ ਦੇ ਪ੍ਰਧਾਨ ਅਮਰ ਡਸਕਾ ਅਤੇ ਸਕੱਤਰ ਜਸਪ੍ਰੀਤ ਕੌਰ ਮੌੜ ਅਤੇ ਕਮੇਟੀ ਮੈਂਬਰ ਸੱਤਨਾਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਜਰਖੇਜ਼ ਧਰਤੀ ਤੇ ਸੰਵਾਦ ਦੀ ਮਹਾਨ ਪਰੰਪਰਾ ਨੂੰ ਉੱਚਾਈਆਂ ਤੱਕ ਲੈ ਜਾਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਬਣੇ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਿੰਸੀਪਲ ਸਾਹਿਬ ਵਿਦਿਆਰਥੀਆਂ ਨੂੰ ਸੰਵਾਦ ਰਚਾ ਕੇ ਜਥੇਬੰਦ ਹੋਣ ਤੋਂ ਰੋਕਣ ਦਾ ਗੈਰ ਜਮਹੂਰੀ ਕਾਰਜ ਕਰ ਰਹੇ ਹਨ। ਕਾਲਜ ਦੇ ਪ੍ਰਸਾਸ਼ਨ ਵੱਲੋਂ ਵਿਦਿਆਰਥੀਆਂ ਨਾਲ ਅਜਿਹਾ ਵਤੀਰਾ ਕਰਕੇ ਵਿਦਿਆਰਥੀਆਂ ਦੀ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਫਾਸ਼ੀਵਾਦ ਦਾ ਪੱਖ ਪੂਰਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਕਾਲਜ ਪ੍ਰਸ਼ਾਸਨ ਵੱਲੋਂ ਆਪਣਾ ਰਵੱਈਆ ਨਾਂ ਬਦਲਿਆ ਗਿਆ ਤਾਂ ਕਾਲਜ ਪ੍ਰਸ਼ਾਸਨ ਦੇ ਇਸ ਵਿਦਿਆਰਥੀ ਵਿਰੋਧੀ ਰਵੱਈਏ ਦੇ ਖਿਲਾਫ ਜਥੇਬੰਦੀ ਵੱਲੋਂ ਅਗਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਆਗੂਆਂ ਨੇ ਵਿਦਿਆਰਥੀਆਂ ਨੂੰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਕੱਲ੍ਹ (22 ਮਾਰਚ) ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਜ਼ਿਲਾ ਪੱਧਰੀ ਇਜਲਾਸ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਵੀ ਸੰਘਰਸ਼ ਕਰਨ ਦਾ‌ ਸਮਰਥਨ ਦਿੱਤਾ।

Leave a Reply

Your email address will not be published. Required fields are marked *