ਬਰਨਾਲਾ, ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ)– ਮੋਦੀ ਸਰਕਾਰ ਦੇ ਇਸ਼ਾਰੇ ਤੇ ਇਨਫੋਰਸਮੈਂਟ ਡਇਰੈੱਕਟੋਰੇਟ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗਿਰਫ਼ਤਾਰ ਕਰਨ ਦੀ, ਸੀ ਪੀ ਆਈ (ਐਮ ਐਲ) ਰੈੱਡ ਸਟਾਰ ਜ਼ੋਰਦਾਰ ਨਿਖੇਧੀ ਕਰਦੀ ਹੈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾ ਸਮੇਂ ਭਾਜਪਾ ਵੱਲੋਂ ਆਪਣੇ ਵਿਰੋਧੀਆਂ ਨਾਲ ਅਜਿਹਾ ਵਰਤਾਓ ਕਰਨਾ ਫਾਸ਼ੀਵਾਦ ਦੀ ਸਿਖ਼ਰ ਹੈ ਅਤੇ ਸ਼ਰੇਆਮ ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਜਾ ਰਿਹਾ ਹੈ। ਆਗੂ ਨੇ ਕਿਹਾ ਕਿ ਦਿੱਲੀ ਸਰਕਾਰ ਦੀ 2021- 22 ਦੀ ਆਬਕਾਰੀ ਨੀਤੀ ਤਹਿਤ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਕੇਸ ਤਹਿਤ ਗਿਰਫ਼ਤਾਰ ਕਰਨਾ ਸ਼ਰਮਨਾਕ ਘਟਨਾ ਹੈ। ਆਗੂ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਪਹਿਲਾ ਕੰਮ ਨਹੀਂ, ਬਲਕਿ ਇਸਤੋਂ ਵੀ ਪਹਿਲਾਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਇੱਕ ਨਿੱਜੀ ਕੇਸ ਤਹਿਤ ਗਿਰਫ਼ਤਾਰ ਕੀਤਾ ਗਿਆ ਅਤੇ ਟੀ ਐਮ ਸੀ ਦੀ ਸੰਸਦ ਮੈਂਬਰ ਮਹੂਆ ਮੋਇੱਤਰਾ ਦੇ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ। ਆਗੂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਆਮਦਨ ਕਰ ਵਿਭਾਗ, ਈਡੀ ਅਤੇ ਹੋਰਨਾਂ ਕੇਂਦਰੀ ਏਜੰਸੀਆਂ ਦੇ ਰਾਹੀਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੀਆਂ ਚੋਣਾ ਵਿੱਚ ਹਰ ਹੀਲਾ ਵਰਤ ਕੇ ਭਾਜਪਾ ਨੂੰ ਤੀਜੀ ਬਾਰ ਸੱਤਾ ਵਿੱਚ ਲਿਆਂਦਾ ਜਾਵੇ।
ਇਹ ਉਸ ਸਮੇਂ ਹੋ ਰਿਹਾ ਹੈ, ਜਦੋਂ ਭਾਜਪਾ ਦੇ ਸਭ ਤੋਂ ਵੱਧ ਭ੍ਰਿਸ਼ਟ ਕਾਰਪੋਰੇਟ ਘਰਾਣਿਆਂ ਨਾਲ਼ ਸਿਆਸੀ ਗੱਠਜੋੜ ਅਤੇ ਚੋਣਾਵੀ ਬਾਂਡ ਦੇ ਮਾਧਿਅਮ ਰਾਹੀਂ ਹਜ਼ਾਰਾਂ ਕਰੋੜ ਰੁਪਏ ਚੋਣ ਫੰਡ ਲੈਣ ਦਾ ਰਾਜਨੀਤਕ ਸਕੈਂਡਲ ਜੱਗ ਜ਼ਾਹਰ ਹੋ ਚੁੱਕਾ ਹੈ। ਇਸਦੇ ਬਦਲੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦਾ ਖਜ਼ਾਨਾ ਲੁਟਾਕੇ ਮਾਲੋਮਾਲ ਕੀਤਾ ਗਿਆ ਅਤੇ ਦੁਨੀਆਂ ਦੇ ਮਹਾਂ ਅਮੀਰਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਮੋਦੀ ਸਰਕਾਰ ਵੱਲੋਂ ਇਸ ਮੁੱਦੇ ਤੋਂ ਜਨਤਾ ਦਾ ਧਿਆਨ ਪਾਸੇ ਹਟਾਉਣ ਲਈ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ। ਦੂਜੇ ਪਾਸੇ, ਪੂਰੇ ਦੇਸ਼ ਵਿੱਚ ਭਾਜਪਾ ਦੇ ਅਤਿ ਭ੍ਰਿਸ਼ਟ ਕਿਸੇ ਆਗੂ ਦੇ ਖ਼ਿਲਾਫ਼ ਕੋਈ ਜਾਂਚ ਨਹੀਂ ਕੀਤੀ ਜਾ ਰਹੀ, ਨਾਂ ਛਾਪੇ ਮਾਰੇ ਗਏ। ਅੱਜ ਸਾਰੀਆਂ ਲੋਕਤੰਤਰਿਕ ਤਾਕਤਾਂ ਦੇ ਸਾਹਮਣੇ ਸਹੀ ਸਮਾਂ ਹੈ, ਕਿ ਮੋਦੀ ਸਰਕਾਰ ਵੱਲੋਂ ਹਰ ਵਿਰੋਧੀ ਆਵਾਜ਼ ਨੂੰ ਦਿਵਾਉਣ ਲਈ ਜੋ ਘਟੀਆ ਨੀਤੀ ਅਪਣਾਈ ਜਾ ਰਹੀ ਹੈ, ਉਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਅਤੇ ਫਾਸ਼ੀਵਾਦੀ ਭਾਜਪਾ,ਆਰ ਐਸ ਐਸ ਨੂੰ ਸੱਤਾ ਤੋਂ ਪਾਸੇ ਕੀਤਾ ਜਾਵੇ ਅਤੇ ਦੇਸ਼ ਦੀ ਧਰਮਨਿਰਪੱਖਤਾ, ਰੀਜ਼ਰਵੇਸ਼ਨ, ਸੰਵਿਧਾਨ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਜਾਵੇ।