ਸਵੀਪ ਗਤੀਵਿਧੀਆਂ ਤਹਿਤ ਨੁੱਕੜ ਨਾਟਕ, ਗਿੱਧਾ, ਭੰਗੜਾ, ਗੀਤ, ਪੋਸਟਰ ਮੇਕਿੰਗ,ਰੰਗੋਲੀ ਅਤੇ ਵੋਟਰ ਪ੍ਰਣ ਕਰਵਾਇਆ
ਡੇਰਾ ਬਾਬਾ ਨਾਨਕ, ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)–ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਡੇਰਾ ਬਾਬਾ ਨਾਨਕ ਵਿਖੇ ਵਿਦਿਆਰਥੀਆਂ ਲਈ ਸਵੀਪ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ-ਕਮ-ਡੀਈਓ (ਸ) ਰਾਜੇਸ਼ ਕੁਮਾਰ ਸ਼ਰਮਾ, ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ-ਕਮ- ਡਿਪਟੀ ਡੀਈਓ (ਸ) ਲਖਵਿੰਦਰ ਸਿੰਘ ਸਮੇਤ ਸਵੀਪ ਟੀਮ ਵੱਲੋਂ ਲੋਕਤੰਤਰ ਦੀ ਮਜ਼ਬੂਤੀ ਲਈ ਵਿਦਿਆਰਥੀ ਵੋਟਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਵੋਟਾਂ ਵਿੱਚ 100 ਫ਼ੀਸਦੀ ਭਾਗੀਦਾਰੀ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਚੋਣ ਵਿਭਾਗ ਦੁਆਰਾ ਵੋਟਰ ਸੁਵਿਧਾ ਲਈ ਚਲਾਈਆਂ ਜਾ ਰਹੀਆਂ ਆਨ ਲਾਇਨ ਐਪਸ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜ਼ਿਲ੍ਹਾ ਸਵੀਪ ਨੋਡਲ ਅਫਸਰ-ਕਮ-ਡੀਈਓ (ਸ) ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ‘ਇਸ ਵਾਰ ਸੱਤਰ ਪਾਰ’ ਦਾ ਟੀਚਾ ਪੂਰਾ ਕਰਨ ਹਿਤ ਜ਼ਿਲ੍ਹੇ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਸਵੀਪ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜਿਸ ਵਿੱਚ ਵੱਖ-ਵੱਖ ਮੁਕਾਬਲਿਆਂ ਦੁਆਰਾ ਨਵੀਆਂ ਵੋਟਾਂ ਬਣਾਉਣ ਅਤੇ ਵੋਟ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ‘ਚੋਣਾਂ ਦਾ ਤਿਉਹਾਰ ਦੇਸ਼ ਦਾ ਗਰਵ’ ਮਹਾਂਉਤਸਵ ਤਹਿਤ ਅੱਜ ਸਵੀਪ ਗਤੀਵਿਧੀਆਂ ਤਹਿਤ ਨੁੱਕੜ ਨਾਟਕ, ਗਿੱਧਾ, ਭੰਗੜਾ,ਗੀਤ, ਪੋਸਟਰ ਮੇਕਿੰਗ, ਰੰਗੋਲੀ ਅਤੇ ਵੋਟਰ ਪ੍ਰਣ ਕਰਵਾਇਆ ਗਿਆ। ਇਸ ਮੌਕੇ ਵੀਵੀਪੀਏਟੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ‘ਫ਼ੈਸਟੀਵਲ ਆਫ਼ ਡੈਮੋਕਰੇਸੀ ‘ ਤਹਿਤ ਮਹਿੰਦੀ, ਪੋਸਟਰ ਮੇਕਿੰਗ ਅਤੇ ਰੰਗੋਲੀ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ। ਜਿਨ੍ਹਾਂ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਵੱਲੋਂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਇਨਾਮ 5100, 2100 ਅਤੇ 1100 ਰੁਪਏ ਦਿੱਤੇ ਜਾਣਗੇ ਅਤੇ ਹਰੇਕ ਭਾਗੀਦਾਰ ਦੇ ਖਾਤੇ ਵਿੱਚ 500 ਰੁਪਏ ਭੇਜੇ ਜਾਣਗੇ।