ਮੁੱਖ ਮੰਤਰੀ ਮਾਨ ਨੇ ਜ਼ਮੀਨ ਦੀ ਰਜਿਸਟਰੀ ਲਈ ਐਨਓਸੀ ਦੀ ਲੋੜ ਨਾ ਹੋਣ ਦਾ ਬੇਲੋੜਾ ਪ੍ਰਚਾਰ ਕੀਤਾ- ਬਾਜਵਾ

ਪੰਜਾਬ

ਚੰਡੀਗੜ, ਗੁਰਦਾਸਪੁਰ, 10 ਫਰਵਰੀ (ਸਰਬਜੀਤ ਸਿੰਘ)— ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ‘ਚ ਕਿਸੇ ਵੀ ਜ਼ਮੀਨ ਅਤੇ ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਐਨ ਓ ਸੀ ਦੀ ਲੋੜ ਨਾ ਹੋਣ ਦੇ ਐਲਾਨ ਨਾਲ ਬੇਲੋੜਾ ਪ੍ਰਚਾਰ ਕਰਨ ਲਈ ਝਾੜ ਪਾਈ।

ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਇਸ ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਸੁਣਵਾਈ ਦੀ ਅਗਲੀ ਤਰੀਕ 26 ਅਪ੍ਰੈਲ ਹੈ। ਕੁਝ ਸੂਤਰਾਂ ਮੁਤਾਬਕ ਇਸ ਮੁੱਦੇ ‘ਤੇ ਸਿਰਫ ਕੈਬਨਿਟ ਦੀ ਬੈਠਕ ‘ਚ ਚਰਚਾ ਹੋਈ ਸੀ। ਇਸ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ।

ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਵੋਟਰਾਂ ਨੂੰ ਲੁਭਾਉਣ ਲਈ ਐਲਾਨ ਕਰਨ ਦੀ ਕਾਹਲੀ ਵਿੱਚ ਜਾਪਦੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ। ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਵੱਲੋਂ ਕੀਤੇ ਗਏ ਜ਼ਿਆਦਾਤਰ ਵਾਅਦੇ ਅਜੇ ਵੀ ਪੂਰੇ ਨਹੀਂ ਕੀਤੇ ਗਏ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜ਼ਮੀਨੀ ਹਕੀਕਤ ਜਾਣੇ ਬਿਨਾਂ ਐਲਾਨ ਕਰਨ ਅਤੇ ਸਿਹਰਾ ਲੈਣ ਦੀ ਕਾਹਲੀ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਇੱਕ ਐਲਾਨ ਬੀਐਮਡਬਲਯੂ ਦੀ ਪੰਜਾਬ ਵਿੱਚ ਕਾਰੋਬਾਰ ਖੋਲ੍ਹਣ ਦੀ ਯੋਜਨਾ ਨਾਲ ਸਬੰਧਤ ਕੀਤਾ ਸੀ ਜੋ ਬਾਅਦ ਵਿੱਚ ਗੁੰਮਰਾਹਕੁੰਨ ਜਾਣਕਾਰੀ ਸਾਬਤ ਹੋਈ। ਇਸੇ ਤਰ੍ਹਾਂ ਉਸ ਨੇ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਦਾ ਬੇਬੁਨਿਆਦ ਐਲਾਨ ਕੀਤਾ ਸੀ।

Leave a Reply

Your email address will not be published. Required fields are marked *