ਪਿੰਡ ਚੰਦੂ ਵਡਾਲਾ, ਧਰਮਕੋਟ ਪੱਤਣ ਅਤੇ ਆਦੀਆਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਨੂੰ ਡਿਪਟੀ ਕਮਿਸ਼ਨਰ ਨੇ ਇਨਾਮੀ ਰਾਸ਼ੀ ਦੇ ਚੈੱਕ ਸੌਂਪੇ
ਗੁਰਦਾਸਪੁਰ, 10 ਫਰਵਰੀ (ਸਰਬਜੀਤ ਸਿੰਘ)– ਰਾਜਪਾਲ, ਪੰਜਾਬ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਵਿਲੇਜ ਡਿਫੈਂਸ ਕਮੇਟੀਆਂ ਵਿੱਚੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਤਿੰਨ ਵਿਲੇਜ ਡਿਫੈਂਸ ਕਮੇਟੀਆਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕਰਦਿਆਂ ਉਨ੍ਹਾਂ ਲਈ ਵਿਸ਼ੇਸ਼ ਇਨਾਮੀ ਰਾਸ਼ੀ ਭੇਜੀ ਹੈ। ਬੈਸਟ ਵਿਲੇਜ ਡਿਫੈਂਸ ਕਮੇਟੀ ਦਾ ਸਨਮਾਨ ਪਿੰਡ ਚੰਦੂ ਵਡਾਲਾ ਨੂੰ ਵਡਾਲਾ ਨੂੰ ਮਿਲਿਆ ਹੈ ਅਤੇ ਰਾਜਪਾਲ ਪੰਜਾਬ ਵੱਲੋਂ ਇਸ ਪਿੰਡ ਦੀ ਡਿਫੈਂਸ ਕਮੇਟੀ ਨੂੰ 3 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ ਹਨ। ਦੂਜਾ ਇਨਾਮ ਪਿੰਡ ਧਰਮਕੋਟ ਪੱਤਣ ਦੀ ਡਿਫੈਂਸ ਕਮੇਟੀ ਨੂੰ ਮਿਲਿਆ ਹੈ ਅਤੇ ਉਨ੍ਹਾਂ ਨੂੰ 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਪ੍ਰਾਪਤ ਹੋਈ ਹੈ। ਇਸੇ ਤਰਾਂ ਤੀਸਰਾ ਇਨਾਮ ਪਿੰਡ ਆਦੀਆਂ ਦੀ ਵਿਲੇਜ ਡਿਫੈਂਸ ਕਮੇਟੀ ਨੂੰ ਮਿਲਿਆ ਹੈ ਅਤੇ ਉਨ੍ਹਾਂ ਨੂੰ ਇੱਕ ਲੱਖ ਰੁਪਏ ਇਨਾਮ ਵਜੋਂ ਮਿਲੇ ਹਨ।
ਮਾਣਯੋਗ ਰਾਜਪਾਲ ਪੰਜਾਬ ਵੱਲੋਂ ਬੈਸਟ ਵਿਲੇਜ ਡਿਫੈਂਸ ਕਮੇਟੀਆਂ ਨੂੰ ਭੇਜੀ ਇਸ ਇਨਾਮੀ ਰਾਸ਼ੀ ਦੇ ਚੈੱਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਆਪਣੇ ਦਫ਼ਤਰ ਵਿੱਚ ਉਪਰੋਕਤ ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਦੇ ਸਪੁਰਦ ਕੀਤੇ ਗਏ। ਚੈੱਕ ਭੇਟ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਰਾਸ਼ੀ ਪਿੰਡ ਦੀ ਭਲਾਈ ਦੇ ਕੰਮਾਂ ’ਤੇ ਖਰਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਾਣਯੋਗ ਰਾਜਪਾਲ ਪੰਜਾਬ ਵੱਲੋਂ ਇਹ ਸਨਮਾਨ ਵਿਲੇਜ ਡਿਫੈਂਸ ਕਮੇਟੀ ਮੈਂਬਰਾਂ ਨੂੰ ਹੋਰ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕਰੇਗਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮਾਣਯੋਗ ਰਾਜਪਾਲ ਪੰਜਾਬ ਵੱਲੋਂ ਦਿੱਤੀ ਇਹ ਇਨਾਮੀ ਰਾਸ਼ੀ ਦੇ ਸਦਕਾ ਹੋਰ ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਵੀ ਹੋਰ ਬੇਹਤਰ ਕਾਰਗੁਜ਼ਾਰੀ ਦਿਖਾਉਣਗੀਆਂ। ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਵਿਲੇਜ ਡਿਫੈਂਸ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਸੁਰੱਖਿਆ ਵਿੱਚ ਉਨ੍ਹਾਂ ਦਾ ਬਹੁਤ ਅਹਿਮ ਯੋਗਦਾਨ ਹੈ ਅਤੇ ਸਾਰੇ ਹੀ ਕਮੇਟੀ ਮੈਂਬਰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪੂਰੀ ਤਰ੍ਹਾਂ ਚੌਕਸੀ ਵਰਤਦੇ ਹੋਏ ਸੁਰੱਖਿਆ ਬਲਾਂ ਦਾ ਸਹਿਯੋਗ ਕਰਨ।