ਸੀ.ਐੱਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹਾ ਗੁਰਦਾਸਪੁਰ ‘ਚ 95 ਥਾਵਾਂ ‘ਤੇ ਰੋਜ਼ਾਨਾਂ ਲੱਗ ਰਹੀਆਂ ਮੁਫ਼ਤ ਯੋਗਾ ਕਲਾਸਾਂ

ਗੁਰਦਾਸਪੁਰ

ਆਪਣੇ ਮੁਹੱਲੇ ਵਿੱਚ ਯੋਗ ਕਲਾਸਾਂ ਸ਼ੁਰੂ ਕਰਨ ਲਈ 76694-00500 ਨੰਬਰ ‘ਤੇ ਕਾਲ ਕੀਤੀ ਜਾਵੇ

ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)– ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ 95 ਥਾਵਾਂ ‘ਤੇ ਯੋਗਾ ਕਲਾਸਾਂ ਚੱਲ ਰਹੀਆ ਹਨ। ਇਹ ਯੋਗਾ ਕਲਾਸਾਂ ਬਿਲਕੁਲ ਮੁਫ਼ਤ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਉੱਠਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੀਐਮ ਦੀ ਯੋਗਸ਼ਾਲਾ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ 95 ਸਥਾਨਾਂ ‘ਤੇ ਰੋਜ਼ਾਨਾਂ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਗੁਰਦਾਸਪੁਰ ਸ਼ਹਿਰ ਦੇ ਵਿੱਚ 44 ਥਾਵਾਂ ‘ਤੇ ਰੋਜ਼ਾਨਾਂ ਸਵੇਰੇ-ਸ਼ਾਮ ਸੀਐੱਮ ਯੋਗਸ਼ਾਲਾ ਦੀਆਂ ਕਲਾਸਾਂ ਲੱਗ ਰਹੀਆਂ ਹਨ ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਪੀ.ਏ.ਯੂ. ਦੇ ਖੇਤਰੀ ਖੋਜ਼ ਕੇਂਦਰ, ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ-07, ਸਰਕਾਰੀ ਕਾਲਜ, ਆਈ.ਐੱਚ.ਐੱਮ. ਇੰਸਟੀਚਿਊਟ, ਬਿਰਦ ਆਸ਼ਰਮ, ਸ਼ਨੀ ਮੰਦਰ, ਬੇਗਮਪੁਰਾ ਕਲੋਨੀ, ਡਾਕਟਰ ਅੰਬੇਦਕਰ ਨਗਰ, ਮਾਈ ਕਾ ਮੰਦਰ, ਗੀਤਾ ਭਵਨ, ਬਾਬੂ ਪਰਮਾਨੰਦ ਨਗਰ, ਫਿਸ਼ ਪਾਰਕ, ਚਿਲਡਰਨ ਹੋਮ, ਕੈਲਾਸ਼ ਇਨਕਲੇਵ, ਦੁਰਗਾ ਕਲੋਨੀ, ਆਦਰਸ਼ ਨਗਰ, ਬਾਜਵਾ ਕਲੋਨੀ, ਵੱਡਾ ਕੈਲਾਸ਼ ਦੀਆਂ ਯੋਗਾ ਕਲਾਸਾਂ ਸ਼ਾਮਲ ਹਨ।

ਇਸ ਤੋਂ ਇਲਾਵਾ ਬਟਾਲਾ ਸ਼ਹਿਰ ਵਿੱਚ 24, ਕਾਦੀਆਂ ਵਿੱਚ 10, ਦੀਨਾਨਗਰ ਵਿੱਚ 4, ਫ਼ਤਹਿਗੜ੍ਹ ਚੂੜੀਆਂ ਵਿੱਚ 4, ਡੇਰਾ ਬਾਬਾ ਨਾਨਕ ਵਿੱਚ 5 ਅਤੇ ਧਾਰੀਵਾਲ ਵਿਖੇ 4 ਸੀ.ਐੱਮ. ਯੋਗਸ਼ਾਲਾ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਯੋਗਾ ਕਲਾਸਾਂ ਬਿਲਕੁਲ ਮੁਫ਼ਤ ਹਨ ਅਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਇਨ੍ਹਾਂ ਯੋਗ ਕਲਾਸਾਂ ਦਾ ਲਾਭ ਉਠਾ ਰਹੇ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਵਾਸੀ ਆਪਣੇ ਮੁਹੱਲੇ ਵਿੱਚ ਯੋਗਾ ਦੀਆਂ ਕਲਾਸਾਂ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ 76694-00500 ਨੰਬਰ ‘ਤੇ ਕਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਮੁਹੱਲੇ ਵਿੱਚ ਯੋਗਾ ਕਲਾਸ ਸ਼ੁਰੂ ਕਰਵਾਉਣ ਲਈ ਘੱਟੋ-ਘੱਟ 25 ਵਿਅਕਤੀ ਯੋਗਾ ਕਰਨ ਦੇ ਚਾਹਵਾਨ ਹੋਣੇ ਜ਼ਰੂਰੀ ਹਨ, ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਓਥੇ ਮੁਫ਼ਤ ਯੋਗਾ ਕਲਾਸਾਂ ਲਈ ਮਾਹਿਰ ਯੋਗ ਟੀਚਰ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤੰਦਰੁਸਤ ਤੇ ਨਿਰੋਗ ਜੀਵਨ ਲਈ ਯੋਗਾ ਨਾਲ ਜੁੜਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ.ਐੱਮ. ਦੀ ਯੋਗਸ਼ਾਲਾ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਯੋਗਾ ਕਲਾਸਾਂ ਲਗਾਉਣ ਜਾਂ ਇਸ ਸਬੰਧੀ ਜਾਣਕਾਰੀ ਲੈਣ ਲਈ 76694-00500 ਜਾਂ ਜ਼ਿਲ੍ਹਾ ਸੁਪਰਵਾਈਜਰ ਲਵਪ੍ਰੀਤ ਸਿੰਘ ਦੇ ਮੋਬਾਇਲ ਨੰਬਰ 99146-81801 ‘ਤੇ ਕਾਲ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *