ਪ੍ਰਾਇਵੇਟ ਫਾਈਨਾਂਸ ਕੰਪਨੀਆਂ ਕਰਜਾਧਾਰਕਾ ਨੂੰ ਘਰਾਂ ਵਿੱਚ ਪੁੱਜ ਕੇ ਡਰਾ ਧਮਕਾ ਰਹੀਆਂ-ਕਾਮਰੇਡ ਬੱਖਤਪੁਰਾ
ਪਠਾਨਕੋਟ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)– ਪਠਾਨਕੋਟ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਲੁੱਟ ਵਿਰੁੱਧ ਰੈਲੀ ਅਤੇ ਪ੍ਰਦਰਸ਼ਨ ਕੀਤਾ ਗਿਆ।ਇਸ ਸਮੇਂ ਬੋਲਦਿਆਂ ਵਿਜੇ ਕੁਮਾਰ
ਸੋਹਲ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਕਰਜਾਧਾਰਕਾ ਨੂੰ ਘਰਾਂ ਵਿੱਚ ਪੁਜ ਕੇ ਡਰਾ ਧਮਕਾ ਰਹੀਆਂ ਹਨ ਜਦੋਂ ਕਿ ਸਮੁੱਚੇ ਮਾਂਝੇ ਵਿਚ ਕਰਜ਼ਾ ਸਰਕਾਰ ਆਪਣੇ ਜੁਮੇਂ ਲਵੇ ਦਾ ਸੰਘਰਸ਼ ਚਲ ਰਿਹਾ ਹੈ, ਆਗੂਆਂ ਕਿਹਾ ਕਿ ਸੰਘਰਸ਼ ਦੇ ਸਮੇਂ ਤੱਕ ਕੰਪਨੀਆਂ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰਨ ਵਰਨਾ ਕੰਪਨੀਆਂ ਦੇ ਕਰਿੰਦਿਆਂ ਦਾ ਪਿੰਡਾਂ ਵਿਚ ਘਿਰਾਓ ਕੀਤਾ ਜਾਵੇਗਾ, ਉਨ੍ਹਾਂ ਦੋਸ਼ ਲਾਇਆ ਕਿ ਸਮੁਚੀਆਂ ਕੰਪਨੀਆਂ ਰਿਜ਼ਰਵ ਬੈਂਕ ਦੇ ਨਿਯਮਾਂ ਦੀ ਘੋਰ ਉਲੰਘਣਾ ਤਹਿਤ ਕੰਮ ਕਰ ਰਹੀਆਂ ਹਨ ਪਰ ਸਰਕਾਰ ਇਨ੍ਹਾਂ ਦੇ ਰੋਲ ਅਤੇ ਪੈਸੇ ਦੀ ਕੋਈ ਪੜਤਾਲ ਨਹੀਂ ਕਰ ਰਹੀ ਜਦੋਂ ਕਿ ਕੰਪਨੀਆਂ ਬਹੁਤ ਮੋਟੇ ਵਿਆਜ਼ ਨਾਲ਼ ਗ਼ਰੀਬ ਪਰਿਵਾਰਾਂ ਦੀ ਲੁੱਟ ਕਰ ਰਹੀਆਂ ਹਨ। ਆਗੂਆਂ ਕਿਹਾ ਕਿ ਮਾਨ ਸਰਕਾਰ ਨੇ ਚੋਣਾਂ ਦੌਰਾਨ ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗਰੰਟੀ ਕੀਤੀ ਸੀ ਪਰ ਮਾਨ ਸਰਕਾਰ ਕੁਝ ਨਹੀਂ ਬੋਲ ਰਹੀ ਜਦੋਂ ਕਿ ਸੱਚ ਇਹ ਹੈ ਕਿ ਗਰੀਬਾਂ ਸਿਰ ਚੜ੍ਹੇ ਕਰਜ਼ੇ ਲਈ ਹੁਣ ਤੱਕ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਜੁੰਮੇਵਾਰ ਹਨ ਕਿਉਂਕਿ ਸਰਕਾਰਾਂ ਬੇਜ਼ਮੀਨੇ ਅਤੇ ਗਰੀਬ ਪਰਿਵਾਰਾਂ ਨੂੰ ਰੋਜ਼ਗਾਰ ਦੇਣ ਦੀ ਨੀਤੀ ਬਣਾਉਣ ਵਿੱਚ ਅੱਜ਼ ਤੱਕ ਨਾਕਾਮ ਰਹੀਆਂ ਹਨ ਅਤੇ ਗਰੀਬਾਂ ਦੇ ਰੋਜ਼ਗਾਰ ਦਾ ਏਜੰਡਾ ਉਨ੍ਹਾਂ ਦੀ ਨੀਤੀ ਦਾ ਹਿੱਸਾ ਹੀ ਨਹੀਂ ਹੈ। ਬੁਲਾਰਿਆਂ ਕਿਹਾ ਕਿ ਗਰੀਬ ਪਰਿਵਾਰ ਕਿਸ਼ਤਾਂ ਦੇ ਸਮਰਥ ਨਹੀਂ ਹਨ ਇਸ ਲਈ ਸਰਕਾਰ ਨੂੰ ਹਰ ਹਾਲਤ ਵਿੱਚ ਗਰੀਬਾਂ ਦਾ ਕਰਜ਼ਾ ਆਪਣੇ ਜੁਮੇਂ ਲੈਣਾ ਚਾਹੀਦਾ ਹੈ। ਸਰਕਾਰ ਔਰਤਾਂ ਨੂੰ 1000 ਦੇਣ ਦੀ ਗਰੰਟੀ ਨੂੰ ਮਾਰਚ 2022ਤੋ ਸ਼ੁਰੂ ਕਰੇ, ਬੇਘਰਿਆਂ ਨੂੰ 10/10 ਮਰਲੇ ਦੇ ਪਲਾਟ ਅਤੇ ਮਕਾਨ ਬਣਾਉਣ ਲਈ ਇਕ ਲੱਖ ਰੁਪਏ ਦੀ ਗ੍ਰਾਂਟ ਦੇਵੇ,ਲਾਲ ਲਕੀਰ ਦੇ ਅੰਦਰਲੇ ਮਕਾਨਾਂ ਨੂੰ ਮਾਲ ਮਹਿਕਮੇ ਵਿਚ ਦਰਜ ਕੀਤਾ ਜਾਵੇ। ਇਸ ਸਮੇਂ ਏਲਾਨ ਕੀਤਾ ਗਿਆ ਕਿ 25 ਜਨਵਰੀ ਨੂੰ ਮਾਝਾ ਜੋਨ ਪੱਧਰੀ ਰੈਲੀ ਗੁਰਦਾਸਪੁਰ ਦੇ ਪੁਰਾਣੇ ਬੱਸ ਸਟੈਂਡ ਵਿਖੇ ਕੀਤੀ ਜਾਵੇਗੀ।ਇਸ ਸਮੇਂ ਹਰਵਿੰਦਰ ਕੌਰ ਪਠਾਨਕੋਟ, ਕੁਲਦੀਪ ਰਾਜੂ, ਰੇਖਾ ਸ਼ੈਲੀ ਕੁਲੀਆ, ਸੁਖਵੰਤ ਹਜ਼ਾਰਾਂ, ਰਾਜ਼ ਕੁਮਾਰ ਸੁਲਤਾਨ ਪੁਰ, ਅਸ਼ਵਨੀ ਹੈਪੀ, ਕਿਸ਼ਨ ਪਾਲਾ, ਸੁਨੀਤਾ ਦੇਵੀ, ਜੋਤੀ ਟਾਂਗੂ, ਸੰਨੀ ਹਸਨਪੁਰੀ ਕਲੋਨੀ, ਰਾਖੀ ਨਵਾਂ ਪਿੰਡ, ਅਤੇ ਰੇਖਾ ਬਕਨੌਰ ਨੇ ਵੀ ਆਪਣੇ ਵਿਚਾਰ ਰੱਖੇ।