ਐਸ ਡੀ ਐਮ ਡੇਰਾ ਬਾਬਾ ਨਾਨਕ ਦਾ ਜਨਤਕ ਵਿਵਹਾਰ ਇਕ ਪਬਲਿਕ ਸਰਵੈਂਟ ਦਾ ਰੋਲ ਨਿਭਾਉਣ ਦੀ ਬਜਾਏ ਜਨਤਾ ਨਾਲ ਘਟੀਆ ਵਿਵਹਾਰ ਕਰਨਾ ਬਹੁਤ ਹੀ ਨਿੰਦਣਯੋਗ -ਬੱਖਤਪੁਰਾ
ਡੇਰਾ ਬਾਬਾ ਨਾਨਕ, ਗੁਰਦਾਸਪੁਰ, 22 ਦਸੰਬਰ (ਸਰਬਜੀਤ ਸਿੰਘ)- ਸੰਯੁਕਤ ਕਿਸਾਨ ਮੋਰਚੇ ਵਲੋਂ ਐਸ ਡੀ ਐਮ ਡੇਰਾ ਬਾਬਾ ਨਾਨਕ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ। ਧਰਨੇ ਵਿੱਚ ਬੋਲਦਿਆਂ ਕਿਸਾਨ ਆਗੂ ਅਸ਼ਵਨੀ ਕੁਮਾਰ ਲੱਖਣਕਲਾਂ, ਰਾਜਗੁਰਵਿਦਰ ਸਿੰਘ ਲਾਡੀ ਘੁਮਾਣ , ਦਲਜੀਤ ਸਿੰਘ ਤਲਵੰਡੀ, ਦਿਲਬਾਗ ਸਿੰਘ ਡੋਗਰ, ਗੁਰਮੁਖ ਸਿੰਘ ਖਹਿਰਾ,ਹਰਪਾਲ ਸਿੰਘ ਰਾਮਦੀਵਾਲੀ ਅਤੇ ਮਜ਼ਦੂਰ ਆਗੂ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਐਸ ਡੀ ਐਮ ਡੇਰਾ ਬਾਬਾ ਨਾਨਕ ਦਾ ਜਨਤਕ ਵਿਵਹਾਰ ਇਕ ਪਬਲਿਕ ਸਰਵੈਂਟ ਦਾ ਰੋਲ ਨਿਭਾਉਣ ਦੀ ਬਜਾਏ ਜਨਤਾ ਨਾਲ ਘਟੀਆ ਵਿਵਹਾਰ ਕਰਨਾ ਬਹੁਤ ਹੀ ਨਿੰਦਣਯੋਗ ਹੈ। ਆਗੂਆਂ ਕਿਹਾ ਕਿ ਖੰਨਾ ਚਮਾਰਾਂ ਅਤੇ ਰਾਮਦੀਵਾਲੀ ਦੇ
ਕਰੀਬ ਛੇ ਦਰਜਨ ਮੁਜ਼ਾਹਰੇ ਕਿਸਾਨ ਪਰਿਵਾਰ ਐਸ ਜੀ ਪੀ ਸੀ ਦੀ ਜਮੀਨ ਦੇ ਲੱਗਭਗ 7 ਦਹਾਕਿਆਂ ਤੋਂ ਬਤੌਰ ਮੁਜ਼ਾਹਰੇ ਖੇਤੀ ਕਰਦੇ ਆ ਰਹੇ ਹਨ। ਇਨ੍ਹਾਂ ਮੁਜਾਰੇ ਕਿਸਾਨਾਂ ਨੂੰ ਉਜਾੜਨ ਲਈ 2009 ਵਿੱਚ ਐਸ ਜੀ ਪੀ ਸੀ ਦੀ ਟਾਸਕ ਫੋਰਸ ਨੇ ਗੋਲੀ ਚਲਾ ਕੇ ਦੋ ਮੁਜਾਰੇ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਪਰ ਆਖਰ ਕਤਲਾ ਦੇ ਕੇਸ ਦੇ ਨਿਪਟਾਰੇ ਸਮੇਂ ਐਸ ਜੀ ਪੀ ਸੀ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਅਦਾਲਤੀ ਫੈਸਲਾ ਹੋਇਆ ਸੀ ਕਿ ਕਰੀਬ 56 ਮੁਜਾਰੇ ਕਿਸਾਨਾਂ ਤੋਂ ਐਸ ਜੀ ਪੀ ਸੀ 2500 ਰੁਪਏ ਪ੍ਰਤੀ ਏਕੜ ਸਾਲਾਨਾ ਠੇਕਾ ਲਿਆ ਕਰੇਗੀ।ਪਰ ਐਸ ਜੀ ਪੀ ਸੀ ਦੇ ਅਧਿਕਾਰੀਆਂ ਨੇ ਇਕ ਦੋ ਸਾਲ ਠੇਕੇ ਲੈਣ ਤੋਂ ਬਾਅਦ ਠੇਕੇ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਹਾਲਤ ਵਿੱਚ ਮੁਜਾਰੇ ਕਿਸਾਨਾਂ ਨੇ ਬੀਤੇ ਚਾਰ ਸਾਲਾਂ ਤੋਂ ਠੇਕੇ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣ ਲਈ ਅਰਜ਼ੀਆਂ ਦੇ ਰੱਖੀਆਂ ਹਨ ਪਰ ਅਰਜ਼ੀਆਂ ਨੂੰ ਅਜੇ ਤੱਕ ਪਾਸ ਨਹੀਂ ਕੀਤਾ ਜਾ ਰਿਹਾ। ਬੁਲਾਰਿਆਂ ਕਿਹਾ ਕਿ ਮੁਜਾਰਿਆਂ ਨੂੰ ਕਿਸੇ ਵੀ ਹਾਲਤ ਵਿੱਚ ਉਜੜਨ ਨਹੀਂ ਦਿੱਤਾ ਜਾਵੇਗਾ। ਉਨਾਂ ਦੋਸ਼ ਲਾਇਆ ਕਿ ਤਹਿਸੀਲ ਪ੍ਰਸ਼ਾਸਨ ਐਸ ਜੀ ਪੀ ਸੀ ਅਤੇ ਸਿਆਸੀ ਦਬਾਅ ਹੇਠ ਕੇਸਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ। ਆਗੂਆਂ ਕਿਹਾ ਕਿ ਜੇਕਰ ਫੌਰੀ ਠੇਕੇ ਦੀਆਂ ਅਰਜ਼ੀਆਂ ਦਾ ਨਿਪਟਾਰਾ ਨਾਂ ਕੀਤਾ ਗਿਆ ਅਤੇ ਐਸ ਡੀ ਐਮ ਦਾ ਮੁਜਾਰਿਆ ਪ੍ਰਤੀ ਸਲੂਕ ਨਾਂ ਬਦਲਿਆ ਤਾਂ ਸੰਯੁਕਤ ਕਿਸਾਨ ਮੋਰਚੇ ਵਲੋਂ ਰਾਤ ਦਿਨ ਦਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ। ਧਰਨੇ ਵਿੱਚ 10 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਖੰਨਾਂ ਚਮਾਰਾਂ ਵਿਖੇ ਸ਼ਹੀਦਾਂ ਦਾ ਸ਼ਹੀਦੀ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ।ਇਸ ਸਮੇਂ ਸੁਖਦੇਵ ਸਿੰਘ ਭਾਗੋਕਾਵਾਂ, ਗੁਰਦੀਪ ਸਿੰਘ ਕਾਮਲਪੁਰਾ,ਬਚਨ ਸਿੰਘ ਭੋਬੋਈ, ਨਾਜ਼ਰ ਸਿੰਘ ਖਹਿਰਾ, ਲਖਵਿੰਦਰ ਸਿੰਘ ਬਿਸਨਕੋਟ, ਅਜੀਤ ਸਿੰਘ ਖਹਿਰਾ, ਸੁਚਾ ਸਿੰਘ ਡੇਰੀਵਾਲ ਕਿਰਨ ਅਤੇ ਸੁਚਾ ਸਿੰਘ ਸੇਕਬੀਰ ਹਾਜਰ ਸਨ।


