ਮੁਲਾਜ਼ਮਾਂ ਦੀ ਮੰਗਾਂ ਨਾ ਮੰਨਣ ਤੇ ਪੰਜਾਬ ਸਰਕਾਰ ਦਾ ਰਵੱਈਆ ਅਤਿ ਨਿੰਦਣਯੋਗ-ਡੀ.ਟੀ.ਐਫ

ਪਟਿਆਲਾ

ਪਟਿਆਲਾ,ਗੁਰਦਾਸਪੁਰ, 11 ਦਸੰਬਰ (ਸਰਬਜੀਤ ਸਿੰਘ)– ਪੰਜਾਬ ਦੇ ਲੋਕਾਂ ਸਮੇਤ ਮੁਲਾਜ਼ਮਾਂ ਨਾਲ ਵੱਡੇ ਵਾਅਦੇ ਕਰਕੇ ਸੱਤਾ ਪ੍ਰਾਪਤ ਕਰਨ ਵਾਲੀ ‘ਆਪ’ ਸਰਕਾਰ ਵੱਲੋਂ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੀ ਥਾਂ, ਮੁੱਖ ਮੰਤਰੀ ਦੀਆਂ ਮੀਟਿੰਗਾਂ ਦੇ ਕੇ ਰੱਦ ਕਰਨ ਅਤੇ ਵੱਖ-ਵੱਖ ਤਰ੍ਹਾਂ ਦੇ ਪੱਤਰ ਜ਼ਾਰੀ ਕਰਦਿਆਂ ਸੰਘਰਸ਼ਾਂ ਨੂੰ ਜਬਰੀ ਦਬਾਉਣ ਦਾ ਰਾਹ ਅਖਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਸਖ਼ਤ ਨਿਖੇਧੀ ਯੋਗ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰਸ਼ਨ (ਡੀ.ਐੱਮ.ਐੱਫ.) ਦੇ ਸੂਬਾਈ ਜਨਰਲ ਸਕੱਤਰ ਡਾ. ਹਰਦੀਪ ਟੋਡਰਪੁਰ ਨੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ (ਪੀ.ਐੱਸ.ਐੱਮ.ਐੱਸ.ਯੂ.) ਦੀ ਅਗਵਾਈ ਵਿੱਚ ਦਫ਼ਤਰੀ ਮੁਲਾਜਮਾਂ ਦੇ ਚੱਲਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਸਬੰਧੀ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਗਈ ਹੈ।

ਡੀ.ਟੀ.ਐੱਫ. ਪਟਿਆਲਾ ਦੇ ਜਿਲ੍ਹਾ ਪ੍ਰਧਾਨ ਅਤਿੰਦਰ ਘੱਗਾ, ਜਿਲ੍ਹਾ ਸਕੱਤਰ ਹਰਵਿੰਦਰ ਰੱਖੜਾ, ਵਿੱਤ ਸਕੱਤਰ ਭੁਪਿੰਦਰ ਮਰਦਾਂਹੇੜੀ ਅਤੇ ਡੀ.ਐੱਮ.ਐੱਫ. ਦੇ ਜਿਲ੍ਹਾ ਸਕੱਤਰ ਗੁਰਜੀਤ ਘੱਗਾ ਨੇ ਬਿਆਨ ਜ਼ਾਰੀ ਕਰਦਿਆਂ ਦੱਸਿਆ ਕਿ ਪੀ.ਐੱਸ.ਐੱਮ.ਐੱਸ.ਯੂ. ਦੇ ਸੱਦੇ ਤਹਿਤ ਨਵੀਂ ਪੈਨਸ਼ਨ ਦੀ ਥਾਂ 1972 ਦੇ ਨਿਯਮਾਂ ਅਨੁਸਾਰ ਜੀ.ਪੀ.ਐੱਫ. ਅਧਾਰਿਤ ਪੁਰਾਣੀ ਪੈਨਸ਼ਨ ਦੀ ਬਹਾਲੀ, ਨਵੇਂ ਸਕੇਲਾਂ ਦੀ ਥਾਂ ਪੁਰਾਣੇ ਤਨਖਾਹ ਸਕੇਲਾਂ ਦੀ ਬਹਾਲੀ, ਪੈਡਿੰਗ ਮਹਿੰਗਾਈ ਭੱਤਾ, ਕੱਟੇ ਗਏ ਭੱਤੇ ਬਹਾਲ ਕਰਵਾਉਣ, ਕੱਚੇ ਮੁਲਾਜ਼ਮ ਪੱਕੇ ਕਰਵਾਉਣ, ਤਨਖਾਹ ਕਮਿਸ਼ਨ ਦੇ ਬਕਾਏ, ਏ.ਸੀ.ਪੀ. ਸਕੀਮ ਲਾਗੂ ਕਰਵਾਉਣ ਸਮੇਤ ਹੋਰਨਾਂ ਵਿਭਾਗੀ ਮੰਗਾਂ ਪੂਰੀਆਂ ਕਰਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਮਨਿਸਟੀਰੀਅਲ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਦੇ ਨਾਲ ਨਾਲ ਲਗਾਤਾਰ ਰੋਸ ਮੁਜ਼ਹਾਰੇ ਕੀਤੇ ਜਾ ਰਹੇ ਹਨ।

ਡੀ.ਟੀ.ਐੱਫ਼. ਦੇ ਜਿਲ੍ਹਾ ਮੀਤ ਪ੍ਰਧਾਨਾਂ ਅਮਨਦੀਪ ਦੇਵੀਗੜ੍ਹ, ਰਾਮਸ਼ਰਨ ਅਲੋਹਰਾਂ, ਜਸਪਾਲ ਚੌਧਰੀ ਅਤੇ ਪ੍ਰੈਸ ਸਕੱਤਰ ਗਗਨ ਰਾਣੂ ਨੇ ਮਨਿਸਟੀਰੀਅਲ ਕਰਮਚਾਰੀਆਂ ਦੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆਂ ਸਿੱਖਿਆ ਵਿਭਾਗ ਦੇ ਸਮੂਹ ਡੀ.ਡੀ.ਓਜ਼, ਅਧਿਆਪਕਾਂ ਤੇ ਹੋਰਨਾਂ ਕਰਮਚਾਰੀਆਂ ਨੂੰ ਇਸ ਹੱਕੀ ਸੰਘਰਸ਼ ਵਿੱਚ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਅਧਿਆਪਕ ਵਰਗ ਵੱਲੋਂ ਇਹਨਾਂ ਕਰਮਚਾਰੀਆਂ ਨੂੰ ਡੱਟਵੇਂ ਸਾਥ ਦਾ ਭਰੋਸਾ ਦਿੰਦੇ ਹੋਏ ਸੰਘਰਸ਼ ਨੂੰ ਦ੍ਰਿੜਤਾ ਨਾਲ ਅੱਗੇ ਵਧਾਉਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਰਾਜਿੰਦਰ ਸਮਾਣਾ, ਕ੍ਰਿਸ਼ਨ ਚੁਹਾਨਕੇ, ਹਰਵਿੰਦਰ ਬੇਲੂਮਾਜਰਾ, ਹਰਿੰਦਰ ਪਟਿਆਲਾ ਅਤੇ ਸੁਖਪਾਲ ਰੋਮੀ ਸਫ਼ੀਪੁਰ ਵੀ ਮੌਜੂਦ ਰਹੇ।

Leave a Reply

Your email address will not be published. Required fields are marked *