ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਹੈਵੀ ਡਿਊਟੀ ਲਾਇਸੰਸ ਬਣਵਾਉਣ ਦੇ ਚਾਹਵਾਨਾਂ ਨੂੰ ਮਿਲੇਗੀ ਵੱਡੀ ਸਹੂਲਤ
ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਟਰਾਂਸਪੋਰਟ ਵਿਭਾਗ ਨਾਲ ਮਿਲ ਕੇ ਗੁਰਦਾਸਪੁਰ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਇਵਿੰਗ ਸਕਿਲ ਸੈਂਟਰ (ਜੀ.ਆਈ.ਏ.ਡੀ.ਐੱਸ.) ਖੋਲ੍ਹਿਆ ਗਿਆ ਹੈ, ਜਿਸਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੇ ਦਫ਼ਤਰ ਵਿਖੇ ਸ਼ੁਰੂ ਕੀਤੇ ਇਸ ਸੈਂਟਰ ਵਿੱਚ ਹੈਵੀ ਡਿਊਟੀ ਡਰਾਇਵਿੰਗ ਲਾਇਸੰਸ ਬਣਵਾਉਣ ਵਾਲਿਆਂ ਨੂੰ ਦੋ ਦਿਨ੍ਹਾਂ ਰਿਫਰੈਸ਼ਰ ਕੋਰਸ ਕਰਵਾਇਆ ਜਾਵੇਗਾ ਜੋ ਉਨ੍ਹਾਂ ਦੇ ਹੈਵੀ ਡਿਊਟੀ ਲਾਇਸੰਸ ਬਣਨ ਵਿੱਚ ਸਹਾਈ ਹੋਵੇਗਾ।
ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਜੀ.ਆਈ.ਏ.ਡੀ.ਐੱਸ. ਸੈਂਟਰ ਖੁੱਲ੍ਹਣ ਦੀ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਸੈਂਟਰ ਦੇ ਖੁੱਲ੍ਹਣ ਨਾਲ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਹੈਵੀ ਡਿਊਟੀ ਲਾਇਸੰਸ ਬਣਵਾਉਣ ਦੇ ਚਾਹਵਾਨਾਂ ਨੂੰ ਵੱਡੀ ਸਹੂਲਤ ਮਿਲੇਗੀ, ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਦੋ ਦਿਨਾਂ ਰਿਫਰੈਸ਼ਰ ਕੋਰਸ ਕਰਨ ਲਈ ਹੁਸ਼ਿਆਰਪੁਰ ਜਾਂ ਮਾਹੁਆਣਾ (ਜ਼ਿਲ੍ਹਾ ਮੁਕਤਸਰ) ਵਿਖੇ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਏਨੀ ਦੂਰ ਜਾਣ ਨਾਲ ਜਿਥੇ ਸਮਾਂ ਜਾਇਆ ਹੁੰਦਾ ਸੀ ਓਥੇ ਆਉਣ-ਜਾਣ ਤੇ ਰਹਿਣ ਦਾ ਖਰਚਾ ਵੀ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਇਸ ਮੁਸ਼ਕਲ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਟਰਾਂਸਪੋਰਟ ਵਿਭਾਗ ਨਾਲ ਮਿਲ ਕੇ ਗੁਰਦਾਸਪੁਰ ਵਿਖੇ ਇਹ ਸੈਂਟਰ ਖੋਲ੍ਹਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਟਰੇਨਿੰਗ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਵੀ ਚਾਹਵਾਨ ਵਿਅਕਤੀ ਆਨ-ਲਾਈਨ ਇਸ ਸੈਂਟਰ ਦੀ ਵੈੱਬ ਸਾਈਟ www.giads.in ਰਾਹੀਂ ਅਪਲਾਈ ਕਰ ਸਕਦਾ ਹੈ ਅਤੇ ਇਸ ਟਰੇਨਿੰਗ ਦੀ ਕੁੱਲ ਫੀਸ ਕੇਵਲ 430 ਰੁਪਏ ਹੈ। ਉਨ੍ਹਾਂ ਕਿਹਾ ਕਿ ਅਪਲਾਈ ਕਰਨ ਸਮੇਂ ਵਿਅਕਤੀ ਆਪਣੀ ਪਾਸਪੋਰਟ ਸਾਈਜ਼ ਫੋਟੋ, ਅਧਾਰ ਕਾਰਡ ਅਤੇ ਡਰਾਇਵਿੰਗ ਲਾਇਸੰਸ ਇਸ ਸਾਈਟ ’ਤੇ ਅਪਲੋਡ ਕਰਕੇ ਟਰੇਨਿੰਗ ਲਈ ਆਪਣੇ ਆਪ ਨੂੰ ਘਰ ਬੈਠੇ ਹੀ ਰਜਿਸਟਰਡ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋ ਦਿਨਾਂ ਰਿਫਰੈਸ਼ਰ ਕੋਰਸ ਕਰਨ ਤੋਂ ਬਾਅਦ ਏਥੋਂ ਮਿਲਣ ਵਾਲੇ ਸਰਟੀਫਿਕੇਟ ਨੂੰ ਦਿਖਾ ਕੇ ਆਰ.ਟੀ.ਏ. ਦਫ਼ਤਰ ਵਿਚੋਂ ਹੈਵੀ ਡਿਊਟੀ ਲਾਇਸੰਸ ਬਣ ਜਾਵੇਗਾ।
ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਨੂੰ ਇਹ ਇੱਕ ਵੱਡੀ ਸਹੂਲਤ ਦਿੱਤੀ ਗਈ ਹੈ ਜਿਸ ਰਾਹੀਂ ਪੂਰੇ ਮਾਝੇ ਦੇ ਜ਼ਿਲ੍ਹਿਆਂ ਨੂੰ ਗੁਰਦਾਸਪੁਰ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਇਵਿੰਗ ਸਕਿਲ ਸੈਂਟਰ (ਜੀ.ਆਈ.ਏ.ਡੀ.ਐੱਸ.) ਦਾ ਫ਼ਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਹੈਵੀ ਡਿਊਟੀ ਲਾਇਸੰਸ ਬਣਵਾਉਣ ਦੇ ਚਾਹਵਾਨ ਇਥੇ ਟਰੈਫਿਕ ਨਿਯਮਾਂ, ਹੈਵੀ ਡਿਊਟੀ ਡਰਾਇਵਿੰਗ ਦੇ ਗੁਰ ਸਿੱਖਣਗੇ ਜਿਸ ਨਾਲ ਜਦੋਂ ਇਹ ਮਾਹਿਰ ਡਰਾਈਵਰ ਸੜਕਾਂ ਉੱਪਰ ਵਾਹਨ ਚਲਾਉਣਗੇ ਤਾਂ ਯਕੀਨਨ ਤੌਰ ’ਤੇ ਸੜਕ ਦੁਰਘਟਨਾਵਾਂ ਵੀ ਘੱਟ ਹੋਣਗੀਆਂ। ਇਸ ਮੌਕੇ ਉਨ੍ਹਾਂ ਕੋਰਸ ਕਰਨ ਵਾਲੇ ਵਿਅਕਤੀਆਂ ਨਾਲ ਵੀ ਗੱਲਬਾਤ ਕੀਤੀ।
ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਰਾਜੀਵ ਸਿੰਘ, ਆਰ.ਟੀ.ਏ. ਦਵਿੰਦਰ ਕੁਮਾਰ, ਡਾ. ਮੋਹਿਤ ਮਹਾਜਨ ਮੈਂਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਟਸ ਗੁਰਦਾਸਪੁਰ ਵੀ ਹਾਜ਼ਰ ਸਨ।