ਗੁਰਦਾਸਪੁਰ, 23 ਨਵੰਬਰ (ਸਰਬਜੀਤ ਸਿੰਘ)– ਗਾਥਾ ਪੰਜਾਬੀ ਸੂਬੇ ਦੀ : 1947 ਵੇਲੇ ਸਿਆਸੀ ਸੌਦੇਬਾਜ਼ੀ ਕਰਨ ਦੀ ਸਾਡੀ ਕੋਈ ਵੁੱਕਤ ਹੀ ਨਹੀਂ ਸੀ ਅਤੇ ਨਾਂਹ ਹੀ ਕੋਈ ਸਿਆਸੀ ਹੈਸੀਅਤ ਸੀ। ਝੂਠ ਜਿੰਨੇ ਮਰਜ਼ੀ ਮਾਰੀ ਜਾਈਏ ? ਅਸਲ ਸਚਾਈ ਇਹ ਹੈ ਕਿ ਮੁਸਲਮਾਨ ਲੀਡਰਾਂ ਨੇ ਨਵਾਂ ਦੇਸ਼ ਲੈ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਉਥੋੰ ਜ਼ਬਰੀ ਕੱਢਿਆ ਸੀ ਅਤੇ ਹਿੰਦੋਸਤਾਨ ਦੇ ਹਿੰਦੂ ਲੀਡਰਾਂ ਨੇ ਸਭ ਨੂੰ ਹਿੰਦੋਸਤਾਨ ਵਿੱਚ ਪਨਾਹ ਦਿੱਤੀ ਸੀ।
ਆਰ ਐਸ ਐਸ ਦੇ ਲੀਡਰਾਂ ਦੇ ਹੱਥੀਂ ਚੜ੍ਹੇ ਰਹੇ ਅਕਾਲੀ ਨੇਤਾਵਾਂ ਦੀ 1947 ਦੀ ਵੰਡ ਸਮੇਂ ਸਿਆਸੀ ਸੌਦੇਬਾਜ਼ੀ ਕਰਨ ਦੀ ਕੋਈ ਹੈਸੀਅਤ ਨਹੀਂ ਸੀ । ਅੰਗਰੇਜ਼ ਸਾਨੂੰ ਐਹ ਦਿੰਦਾ ਸੀ? ਅੰਗਰੇਜ਼ ਸਾਨੂੰ ਔਹ ਦਿੰਦਾ ਸੀ? ਸਭ ਝੂਠੀਆਂ ਕਹਾਣੀਆਂ ਹਨ ਅਤੇ ਅਸੀਂ ਪਿਛਲੱਗ ਮੂਰਖ ਬਣ ਕੇ ਸਭ ਮੰਨੀ ਜਾਂਦੇ ਹਾਂ ਅਤੇ ਸੋਸ਼ਲ ਮੀਡੀਆ ਤੇ ਅਗਾਂਹ ਦੀ ਅਗਾਂਹ ਪਰੋਸੀ ਜਾਂਦੇ ਹਾਂ।
ਕਾਂਗਰਸ ਨੇ ਦੂਜੀ ਸੰਸਾਰ ਜੰਗ ਸਮੇਂ ਬ੍ਰਿਟਿਸ਼ ਹਕੂਮਤ ਦੇ ਵਿਰੋਧ ਵਿੱਚ ਆਪਣੀਆਂ ਵਜ਼ਾਰਤਾਂ ਛੱਡ ਕੇ ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਅੰਗਰੇਜ਼ੋ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਤਾਂ ਭਾਰਤ ਦੀਆਂ ਫਿਰਕਾਪ੍ਰਸਤ ਸਿਆਸੀ ਪਾਰਟੀਆਂ ਮੁਸਲਿਮ ਲੀਗ, ਅਕਾਲੀ ਦਲ, ਹਿੰਦੂ ਮਹਾ ਸਭਾ ਅਤੇ ਆਰ ਐੱਸ ਐੱਸ ਨੇ ਬ੍ਰਿਟਿਸ਼ ਹਕੂਮਤ ਦੀ ਹਿਮਾਇਤ ਕਰਦੇ ਹੋਏ ਕਾਂਗਰਸ ਦੇ ਅਜ਼ਾਦੀ ਲਈ ਇਸ ਫੈਸਲਾਕੁੰਨ ਸੰਘਰਸ਼ ਸਮੇਂ ਅਕਾਲੀ ਇਸ ਅੰਦੋਲਨ ਦੇ ਵਿਰੋਧ ਵਿੱਚ ਖੜ੍ਹ ਕੇ ਆਰ ਐੱਸ ਐੱਸ ਦੇ ਕਹਿਣ ਤੇ ਸਿਕੰਦਰ ਹਯਾਤ ਖ਼ਾਨ-ਬਲਦੇਵ ਸਿੰਘ ਪੈਕਟ ਦੇ ਅਧਾਰ ਤੇ ਮੁਸਲਿਮ ਲੀਗ ਦੀ ਅਗਵਾਈ ਵਿੱਚ ਪੰਜਾਬ ਵਿੱਚ ਸਾਂਝੀ ਸਰਕਾਰ ਬਣਾਈ ।
7 ਮਈ 1943 ਨੂੰ ਗਿਆਨੀ ਕਰਤਾਰ ਸਿੰਘ ਅਤੇ ਗਿਆਨੀ ਸ਼ੇਰ ਸਿੰਘ ਨੇ ਅੰਮ੍ਰਿਤਸਰ ਵਿੱਚ ਹੋਈ ਮੀਟਿੰਗ ਵਿੱਚ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੂੰ ਟੈਲੀਗਰਾਮ ਕਰਕੇ ਵੀਰ ਸਾਵਰਕਰ ਤੋਂ ਭਵਿੱਖ ਵਿੱਚ ਅਪਨਾਏ ਜਾਣ ਵਾਲੇ ਸਿਆਸੀ ਪੈਂਤੜੇ ਵਾਸਤੇ ਅਗਵਾਈ ਲੈਣ ਲਈ ਕਿਹਾ ਅਤੇ ਵੀਰ ਸਾਵਰਕਰ ਦੀ ਰਾਇ ਅਨੁਸਾਰ ਪੰਜਾਬ ਵਿੱਚ ਕਾਂਗਰਸ ਦਾ ਵਿਰੋਧ ਕਰਦਿਆਂ ਮੁਸਲਿਮ ਲੀਗ ਨਾਲ ਸਾਂਝੀ ਸਰਕਾਰ ਬਣਾਉਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ ।
ਜਿਸ ਦਾ ਬਾਅਦ ਵਿੱਚ ਨਤੀਜਾ ਇਹ ਨਿਕਲਿਆ ਕਿ ਕਾਂਗਰਸ ਨੇ ਚੱਕਮੇ ਚੁੱਲ੍ਹਿਆਂ ਵਰਗੀ ਸਿੱਖ ਲੀਡਰਸ਼ਿਪ ਨੂੰ ਗੰਭੀਰਤਾ ਨਾਲ ਲੈਣਾ ਬੰਦ ਕਰ ਦਿੱਤਾ ਅਤੇ ਪੰਜਾਬ ਨੇ ਇਸਦਾ ਖਮਿਆਜ਼ਾ 1947 ਦੀ ਵੰਡ ਦੇ ਰੂਪ ਵਿੱਚ ਭੁਗਤਿਆ ਅਤੇ ਪੰਜਾਬ ਦੀ ਵੰਡ ਹੋਣ ਸਮੇਂ ਸਾਨੂੰ ਕਿਸੇ ਧਿਰ ਨੇ ਬੇਰਾਂ ਵੱਟੇ ਵੀ ਨਾ ਪੁੱਛਿਆ।
ਵੈਸੇ ਵੀ ਕਾਂਗਰਸ ਦੇ ਲੀਡਰਾਂ ਨੂੰ ਹਿੰਦੂ ਹੋਣ ਦੀਆਂ ਗਾਲ੍ਹਾਂ ਕੱਢਣ ਵਾਲੇ ਪੰਥਕ ਵਿਦਵਾਨ ਇਹ ਭੁੱਲ ਜਾਂਦੇ ਹਨ ਕਿ ਦੇਸ਼ ਦੀ ਵੰਡ ਸਮੇਂ ਸਿੱਖ ਕਿਸੇ ਸਿਆਸੀ ਸੌਦੇਬਾਜ਼ੀ ਅਧੀਨ ਭਾਰਤ ਵਿੱਚ ਨਹੀਂ ਆਏ ਸਨ। ਸਿੱਖਾਂ ਨੂੰ ਪਾਕਿਸਤਾਨ ਵਿੱਚੋਂ ਗੈਰ ਮੁਸਲਿਮ ਹੋਣ ਕਰਕੇ ਜਬਰੀ ਕੱਢਿਆ ਗਿਆ ਸੀ ਅਤੇ ਉਹ ਭਾਰਤ ਵਿੱਚ ਰਫਿਊਜ਼ੀਆਂ ਵਾਂਗੂੰ ਆਏ ਸਨ ਅਤੇ ਕਾਂਗਰਸ ਦੇ ਨੇਤਾਵਾਂ ਨੇ ਉੱਜੜ ਕੇ ਆਉਣ ਵਾਲੇ ਸਿੱਖਾਂ ਨੂੰ ਜ਼ਮੀਨਾਂ, ਮਕਾਨ ਅਤੇ ਨੌਕਰੀਆਂ ਦੇ ਕੇ ਵਸਾਇਆ। ਉਸ ਸਮੇਂ ਜੇ ਕਾਂਗਰਸੀ ਲੀਡਰ ਪੰਥਕ ਲੀਡਰਾਂ ਵਾਂਗੂੰ ਕੱਟੜ ਹੁੰਦੇ ਤਾਂ ਹੁਣ ਤੱਕ ਗਾਲ੍ਹੀ ਗਲੋਚ ਕਰਨ ਵਾਲਿਆਂ ਦੇ ਪੋਤੜੇ ਰੁਲੇ ਹੋਣੇ ਸਨ।


