ਜ਼ਿਲੇ ਅੰਦਰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਵਿੱਢੀ ਗਈ ਹੈ ਵਿਸ਼ੇਸ ਮੁਹਿੰਮ-ਡਿਪਟੀ ਕਮਿਸ਼ਨਰ

ਪੰਜਾਬ

ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਪਿੰਡ ਅਲੂਨਾ ਵਿਖੇ ਲੱਗਾ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ ਵਿਸ਼ੇਸ ਕੈਂਪ

ਗੁਰਦਾਸਪੁਰ, 20 ਜੁਲਾਈ (ਸਰਬਜੀਤ ) ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ’ ਤਹਿਤ ਮਨਾਏ ਜਾ ਰਹੇ ਆਜ਼ਾਦੀ ਦੇ 75ਵੇਂ ਸਮਾਰੋਹ ਦੇ ਸਬੰਧ ਵਿਚ ਅੱਜ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਪਿੰਡ ਅਲੂਣਾ, ਬਲਾਕ ਗੁਰਦਾਸਪਰ ਵਿਖੇ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਵਿਸ਼ੇਸ ਕੈਂਪ ਲਗਾਇਆ। ਜਿਸ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀਮਤੀ ਪਰਮਜੀਤ ਕੋਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਦਾਸਪੁਰ, ਕਾਮਰੇਡ ਜਗਜੀਤ ਸਿੰਘ, ਕਾਮਰੇਡ ਗੁਲਜ਼ਾਰ ਸਿੰਘ ਬਸੰਤਕੋਟ ਸਮੇਤ ਪਿੰਡ ਵਾਸੀ ਅਤੇ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਸਮਾਧ ’ਤੇ ਜਾ ਕੇ ਫੁੱਲ ਅਰਪਨ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ’ ਤਹਿਤ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਪਿੰਡ ਅਲੂਣਾ ਵਿਖੇ ਆ ਕੇ ਜਿਥੇ ਉਨਾਂ ਨੂੰ ਯਾਦ ਕੀਤਾ ਗਿਆ ਹੈ, ਓਥੇ ਲੋੜਵੰਦ ਵਿਅਕਤੀਆਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਪ੍ਰਦਾਨ ਕਰਨ ਲਈ ਵਿਸ਼ੇਸ ਕੈਂਪ ਲਗਾਇਆ ਗਿਆ ਹੈ ਤਾਂ ਤੋ ਕੋਈ ਵੀ ਲੋੜਵੰਦ ਗਰੀਬ ਵਿਅਕਤੀ ਸਕੀਮਾਂ ਦੇ ਲਾਭ ਤੋਂ ਵਾਝਾਂ ਨਾ ਰਹਿ ਜਾਵੇ।

ਉਨਾਂ ਅੱਗੇ ਕਿਹਾ ਕਿ ਕਾਮਰੇਡ ਤੇਜਾ ਸਿੰਘ ਸੁਤੰਤਰ ਦਾ ਜੀਨਮ ਸੰਘਰਸ਼ਮਈ ਰਿਹਾ ਹੈ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਉਨਾਂ ਗਰੀਬ ਤੇ ਲੋੜਵੰਦ ਦੇ ਹੱਕ ਵਿਚ ਨਾਅਰਾ ਮਾਰਿਆ। ਉਨਾਂ ਕਿਹਾ ਕਿ ਅੱਜ ਉਨਾਂ ਦੇ ਜੱਦੀ ਪਿੰਡ ਵਿਖੇ ਆ ਕੇ ਉਨਾਂ ਨੂੰ ਸੱਚੀ ਸਰਧਾਂਜਲੀ ਇਹੀ ਹੋਵੇਗੀ ਕਿ ਲੋੜਵੰਦ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਪੁਜਦਾ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਸ਼੍ਰਮ ਯੋਗ ਮਾਨ ਧਨ ਯੋਜਨਾ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਕਰੈਡਿਟ ਕਾਰਡ, ਪ੍ਰਧਾਨ ਮੰਤਰੀ ਸੰਮਾਨ ਨਿਧੀ ਯੋਜਨਾ, ਸਕਿਲ ਡਿਵਲਪਮੈਂਟ ਅਤੇ ਕੋਵਿਡ ਵੈਕਸ਼ੀਨੇਸ਼ਨ ਸਮੇਤ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ ਪ੍ਰੇਰਿਤ ਕੀਤਾ।

ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰਮ ਯੋਗ ਮਾਨ ਧਨ ਯੋਜਨਾ ਤਹਿਤ 18 ਤੋਂ 40 ਸਾਲ ਦੇ ਵਿਅਕਤੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਵਿਅਕਤੀ ਮਹਿਜ 55 ਤੋਂ 200 ਰੁਪਏ ਮਹੀਨਾ ਜਮ੍ਹਾ ਕਰਵਾ ਕੇ 60 ਸਾਲ ਦੀ ਉਮਰ ਤੋਂ ਬਾਅਦ ਘੱਟੋ ਘੱਟ 3,000 ਰੁਪਏ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਹੁਣ ਤਕ 8,000 ਕਿਰਤੀ ਲੋਕ ਇਸ ਵਿਚ ਰਜਿਸ਼ਟਰੇਸ਼ਨ ਕਰਵਾ ਚੁੱਕੇ ਹਨ ਅਤੇ ਗੁਰਦਾਸਪੁਰ ਜ਼ਿਲ੍ਹਾ ਇਸ ਮੁਹਿੰਮ ਤਹਿਤ ਪੂਰੇ ਭਾਰਤ ਵਿਚੋ ਮੋਹਰੀ ਚੱਲ ਰਿਹਾ ਹੈ।

ਉਨਾਂ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਜ਼ਿਲੇ ਅੰਦਰ 43,000 ਗਰਭਵਤੀ ਔਰਤਾਂ ਨੂੰ ਇਸ ਦਾ ਲਾਭ ਪ੍ਰਦਾਨ ਕੀਤਾ ਜਾ ਚੁੱਕਾ ਹੈ। ਕਿਸਾਨ ਕਰੈਡਿਟ ਕਾਰਡ ਤਹਿਤ ਕਿਸਾਨ ਦੀ ਡੇਢ ਲੱਖ ਰੁਪਏ ਤੱਕ ਦੀ ਲਿਮਟ ਬਣ ਜਾਂਦੀ ਹੈ , ਹੁਣ ਤਕ ਜ਼ਿਲ੍ਹੇ ਵਿਚ 28,000 ਕਿਸਾਨ ਕਰੈਡਿਟ ਕਾਰਡ ਬਣਾਏ ਜਾ ਚੁੱਕੇ ਹਨ। ਉਨਾਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤੇ ਸੁਰੱਖਿਆ ਬੀਮਾ ਯੋਜਨਾ ਦਾ ਲਾਭ ਲੈਣ ਵੀ ਲੋਕਾਂ ਨੂੰ ਅਪੀਲ ਕੀਤੀ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ 13,000 ਲੋਕਾਂ ਦੀ ਬੀਮਾ ਕੀਤਾ ਜਾ ਚੁੱਕਾ ਹੈ।

ਇਸੇ ਤਰਾਂ ਉਨਾਂ ਅੰਤੋਦਿਆਂ ਤੇ ਵਣ ਮਿੱਤਰ ਸਕੀਮ ਬਾਰੇ ਵੀ ਵਿਸਥਾਰ ਵਿਚ ਦੱਸਿਆ। ਉਨਾਂ ਦੱਸਿਆ ਕਿ ਬਣ ਮਿੱਤਰ ਸਕੀਮ ਤਹਿ ਔਰਤਾਂ ਨੂੰ ਬੂਟਿਆਂ ਦਾ ਸੰਭਾਲ ਲਈ ਪ੍ਰਤੀ ਮਹੀਨਾ 1200 ਰੁਪਏ ਮੁਹੱਈਆ ਕਰਵਾਏ ਜਾਂਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪਰੋਕਤ ਵੱਖ –ਵੱਖ ਸਕੀਮਾਂ ਤੋਂ ਇਲਾਵਾ ਹੋਰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਜਿਲੇ ਅੰਦਰ ਵਿਆਪਕ ਪੱਧਰ ’ਤੇ ਮੁਹਿੰਮ ਵਿੱਢੀ ਗਈ ਹੈ ਅਤੇ ਕਰੀਬ 90 ਟੀਮਾਂ ਕੰਮ ਕਰ ਰਹੀਆਂ ਹਨ ਅਤੇ 26 ਜੁਲਾਈ ਤਕ ਇਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦੇਣ ਲਈ ਮੁਹਿੰਮ ਵਿੱਢੀ ਗਈ ਹੈ। ਨਾਲ ਹੀ ਉਨਾਂ ਕਿਹਾ ਕਿ ਹਰੇਕ ਯੋਗ ਲਾਭਪਾਤਰੀ ਨੂੰ ਭਲਾਈ ਸਕੀਮਾਂ ਦਾ ਲਾਭ ਮੁਹੱਈਆ ਕਰਵਾਉਣ ਲਈ 26 ਜੁਲਾਈ ਤੋਂ ਬਾਅਦ ਵੀ ਇਹ ਮੁਹਿੰਮ ਜਾਰੀ ਰਹੇਗੀ।      

ਇਸ ਤੋਂ ਪਹਿਲਾਂ ਕਾਮਰੇਡ ਜਗਜੀਤ ਸਿੰਘ ਨੇ ਕਾਮਰੇਡ ਤੇਜਾ ਸਿੰਘ ਸੁਤੰਤਰ (17 ਜੁਲਾਈ 1901 ਤੋਂ 12 ਅਪੈ੍ਰਲ 1973) ਦੀ ਜੀਵਨੀ ਅਤੇ ਉਨਾਂ ਦੇ ਸੰਘਰਸ਼ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ ਅਤੇ ਆਖਰ ਵਿਚ ਕਾਮਰੇਡ ਗੁਲਜ਼ਾਰ ਸਿੰਘ ਬਸੰਤਕੋਟ ਵਲੋਂ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ ਗਿਆ ਤੇ ਡਿਪਟੀ ਕਮਿਸ਼ਨਰ ਦੇ ਸਨਮੁੱਖ ਕੁਝ ਮੰਗਾਂ ਵੀ ਰੱਖੀਆਂ।

ਇਸ ਮੌਕੇ ਬੁੱਧੀਰਾਜ ਸਿੰਘ ਸੈਕਰਟਰੀ ਜਿਲਾ ਪ੍ਰੀਸ਼ਦ ਗੁਦਾਸਪੁਰ, ਬਲਜੀਤ ਸਿੰਘ ਬੀਡੀਪੀਓ ਗੁਰਦਾਸਪੁਰ, ਨਿਰਮਲ ਸਿੰਘ, ਅਮਰਪਾਲ ਸਿੰਘ, ਕੁਆਰਡੀਨੇਟਰ ਸੈਲਫ ਹੈਲਪ ਗਰੁੱਪ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

Leave a Reply

Your email address will not be published. Required fields are marked *