ਜਵਾਈ ਹੀ ਆਪਣੇ ਸਹੁਰੇ ਨੂੰ ਸੀ ਮਰਵਾਉਣਾ ਚਾਹੁੰਦਾ-ਐਸ.ਐਸ.ਪੀ
ਗੁਰਦਾਸਪੁਰ, 1 ਨਵੰਬਰ (ਸਰਬਜੀਤ ਸਿੰਘ)– 19 ਸਤੰਬਰ ਨੂੰ ਕਲਾਨੌਰ ਵਿੱਚ ਜਮੂਹਰੀ ਕਿਸਾਨ ਸਭਾ ਦੇ ਆਗੂ ਹਰਜੀਤ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਗੋਲੀ ਮਾਰਨ ਵਾਲੇ ਮਾਮਲੇ ਦੀ ਗੁੱਥੀ ਨੂੰ ਜਿਲ੍ਹਾ ਪੁਲਸ ਗੁਰਦਾਸਪੁਰ ਨੇ ਸੁਲਝਾ ਲਿਆ ਹੈ। ਪੁਲਸ ਮੁਤਾਬਕ ਕਿਸਾਨ ਆਗੂ ਦੇ ਜਵਾਈ ਵੱਲੋਂ ਹੀ ਘਰੇਲੂ ਕਲੇਸ਼ ਦੇ ਚਲਦਿਆਂ ਆਪਣੇ ਸਹੁਰੇ ਨੂੰ ਮਾਰਨ ਲਈ ਸ਼ੂਟਰਾਂ ਨੂੰ ਸੁਪਾਰੀ ਦਿੱਤੀ ਸੀ, ਪਰ ਗਲਤੀ ਨਾਲ ਗੋਲੀ ਕਿਸਾਨ ਆਗੂ ਦੇ ਭਰਾ ਨੂੰ ਮਾਰ ਦਿੱਤੀ ਗਈ। ਇਸ ਮਾਮਲੇ ਦਾ ਪਰਦਾਫਾਸ਼ ਥਾਣਾ ਮੁੱਖੀ ਕਲਾਨੌਰ ਮੇਜਰ ਸਿੰਘ ਵੱਲੋਂ ਬਾਰੀਕੀ ਨਾਲ ਜਾਂਚ ਕਰਕੇ ਕੀਤਾ ਗਿਆ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਕਿਸਾਨ ਆਗੂ ਹਰਜੀਤ ਸਿੰਘ ਦੇ ਜਵਾਈ ਗੁਰਸੇਵਕ ਸਿੰਘ ਨੇ 2 ਲੱਖ ਰੁਪਏ ਦੀ ਸੂਪਾਰੀ ਦੇ ਕੇ ਆਪਣੇ ਸਹੁਰੇ ਕਿਸਾਨ ਆਗੂ ਹਰਜੀਤ ਸਿੰਘ ਦਾ ਕਤਲ ਕਰਵਾਉਣਾ ਸੀ। ਪਰ ਸ਼ੂਟਰ ਗਲਤੀ ਨਾਲ ਉਸਦੇ ਭਰਾ ਹਰਪ੍ਰੀਤ ਕਾਹਲੋ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ 2 ਸ਼ੂਟਰਾਂ ਸਮੇਤ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਇੱਕ ਸ਼ੂਟਰ ਅਜੇ ਫਰਾਰ ਦੱਸਿਆ ਜਾ ਰਿਹਾ ਹੈ।
ਉਕਤ ਮੁਲਜਮਾਂ ਵਿਚੋ ਇਕ ਦੀ ਪਹਿਚਾਣ ਸਾਹਿਲ ਪੁੱਤਰ ਅਸ਼ਵਨੀ ਕੁਮਾਰ ਵਾਸੀ ਸ਼ਮਸ਼ੇਰਨਗਰ ਅੰਮ੍ਰਿਤਸਰ ਵਜੋਂ ਹੋਈ ਹੈ ਜਿਸ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਇਸ ਵਾਰਦਾਤ ਵਿੱਚ ਕਿਸਾਨ ਆਗੂ ਦਾ ਜਵਾਈ ਗੁਰਸੇਵਕ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅੰਮ੍ਰਿਤਸਰ, ਨੌਕਰ ਪ੍ਰਗਟ ਸਿੰਘ ਉਰਫ ਪੱਗਾ ਪੁੱਤਰ ਬਲਦੇਵ ਸਿੰਘ ਵਾਸੀ ਚੀਤਾ ਕਲਾਂ, ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਦਵਿੰਦਰ ਸਿੰਘ ਵਾਸੀ ਘੰਨੂਪੁਰ, ਸ਼ੇਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਦਸ਼ਮੇਸ਼ ਨਗਰ ਅੰਮ੍ਰਿਤਸਰ, ਅਜੇਪਾਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਘੰਨੂਪੁਰ ਅਤੇ ਗੰਜਾ ਉਰਫ ਜੰਗਾ ਪੁੱਤਰ ਸਰਦੂਲ ਸਿੰਘ ਵਾਸੀ ਚੀਤਾ ਕਲਾਂ ਸ਼ਾਮਲ ਸਨ। ਐਸਐਸਪੀ ਨੇ ਦੱਸਿਆ ਉਕਤ ਵਿਅਕਤੀਆਂ ਕੋਲੋਂ 1 ਪਿਸਟਲ, ਦੋ ਜਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਜਵਾਈ ਗੁਰਸੇਵਕ ਪੁੱਤਰ ਗੁਰਦੇਵ ਸਿੰਘ ਵਾਸੀ ਅੰਮ੍ਰਿਤਸਰ ਨੇ ਪ੍ਰਗਟ ਸਿੰਘ ਉਰਫ ਪੱਗਾ ਨੂੰ 2 ਲੱਖ ਰੁਪਏ ਦੇ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸੁਪਾਰੀ ਦਿੱਤੀ। ਜਿਸ ਦੇ ਚਲਦਿਆਂ ਨੌਕਰ ਨੇ ਇਨ੍ਹਾਂ ਸ਼ੂਟਰਾਂ ਦਾ ਇੰਤਜਾਮ ਕੀਤਾ ਸੀ। ਜਿਨ੍ਹਾਂ ਵਿਚੋ ਅਜੇਪਾਲ ਨਾਮ ਦਾ ਸ਼ੂਟਰ ਅਜੇ ਫਰਾਰ ਦੱਸਿਆ ਜਾ ਰਿਹਾ ਜਿਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।