ਗੁਰਦਾਸਪੁਰ, 17 ਜੁਲਾਈ (ਸਰਬਜੀਤ)- ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸਨ ਸਿੰਘ ਨੱਤ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਹਰਿਆਣਾ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਮੁੜ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਰਾਰ ਦੇਣ ਦੀ ਲਿਬਰੇਸ਼ਨ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ।
ਨੱਤ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਦਾਰ ਮਾਨ ਨੂੰ ਸੰਗਰੂਰ ਦੇ ਵੋਟਰਾਂ ਨੇ ਸ਼ਹੀਦ ਭਗਤ ਸਿੰਘ ਦੀ ਬੇਹੁਰਮਤੀ ਕਰਨ ਲਈ ਨਹੀਂ, ਬਲਕਿ ਪੰਜਾਬ, ਪੰਜਾਬੀਆਂ ਤੇ ਧਾਰਮਿਕ ਘੱਟਗਿਣਤੀਆਂ ਦੇ ਅਹਿਮ ਮੁੱਦਿਆਂ ਬਾਰੇ ਆਵਾਜ ਉਠਾਉਣ ਲਈ ਚੁਣਿਆ ਹੈ। ਇਸ ਲਈ ਉਨਾਂ ਨੂੰ ਇਹੋ ਅਜਿਹੀਆਂ ਜਬਲੀਆਂ ਮਾਰਨ ਦੀ ਬਜਾਏ ਸੰਸਦ ਵਿਚ ਸੰਘ-ਬੀਜੇਪੀ ਵੱਲੋਂ ਦੇਸ਼ ਦੇ ਫੈਡਰਲ ਤਾਣੇ ਬਾਣੇ ਤੇ ਜਮਹੂਰੀਅਤ ਹੱਕਾਂ ਅਧਿਕਾਰਾਂ ਉਤੇ ਧੜਾਧੜ ਕੀਤੇ ਜਾ ਰਹੇ ਫਾਸਿਸਟ ਹਮਲਿਆਂ ਖਿਲਾਫ ਆਵਾਜ ਉਠਾਉਣੀ ਚਾਹੀਦੀ ਹੈ। ਪੰਜਾਬੀ ਕਹਾਵਤ ਹੈ ਕਿ ਚੰਦ ਵੱਲ ਥੁੱਕਿਆ ਆਪਣੇ ਮੂੰਹ ’ਤੇ ਹੀ ਆ ਪੈਦਾ ਹੈ। ਸ. ਮਾਨ ਚੇਤੇ ਰੱਖਣ ਕਿ ਅਜਿਹੀਆਂ ਬੇਹੂਦਾ ਗੱਲਾਂ ਨਾਲ ਸ਼ਹੀਦ ਭਗਤ ਸਿੰਘ ਦਾ ਤਾਂ ਕੁਝ ਨਹੀਂ ਵਿਗੜਦਾ, ਪਰ ਉਨਾਂ ਦਾ ਆਪਣਾ ਪਿਛਾਖੜੀ ਹੀਜ ਪਿਆਜ ਜਰੂਰ ਨੰਗਾ ਹੋ ਰਿਹਾ ਹੈ।
ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਮਾਨ ਵਰਗੇ ਸਾਮਰਾਜੀ ਸ਼ਕਤੀਆਂ ਦੇ ਪਿੱਠੂ ਬਹੁਤ ਪਹਿਲਾਂ ਤੋਂ ਸ਼ਹੀਦ ਭਗਤ ਸਿੰਘ ਦੇ ਖਿਲਾਫ ਇਹੋ ਕੁਝ ਬੋਲਦੇ ਆ ਰਹੇ ਹਨ, ਪਰ ਇਸ ਦੇ ਬਾਵਜੂਦ ਆਮ ਜਨਤਾ – ਖਾਸ ਕਰਕੇ ਨੌਜਵਾਨਾਂ ਵਿਚ ਭਗਤ ਸਿੰਘ ਬਾਰੇ ਜਾਨਣ ਤੇ ਅਧਿਐਨ ਕਰਨ ਦਾ ਰੁਝਾਨ ਘਟਣ ਦੀ ਬਜਾਏ, ਉਲਟਾ ਹੋਰ ਵਧਿਆ ਹੈ । ਜਿਸ ਦੇ ਫਲਸਰੂਪ ਭਗਤ ਸਿੰਘ ਦਾ ਕੱਦ ਜਨਤਾ ਦੀ ਨਜਰ ਵਿਚ ਪਹਿਲਾਂ ਦੇ ਮੁਕਾਬਲੇ ਹੋਰ ਉੱਚਾ ਹੋਇਆ ਹੈ। ਇਸੇ ਲਈ ਭਗਤ ਸਿੰਘ ਦੇ ਨਾਂ ਨਾਲ ਨਵੇਂ ਨਵੇਂ ਵਿਸੇਸਣ ਜੁੜਦੇ ਗਏ। ਜਿਵੇਂ ਜਿਵੇਂ ਭਗਤ ਸਿੰਘ ਬਾਰੇ ਖੋਜ ਅਤੇ ਅਧਿਅਨ ਦਾ ਦਾਇਰਾ ਵਧਿਆ, ਤਾਂ ਉਸ ਨੂੰ ਪਹਿਲਾਂ ਸਹੀਦ ਭਗਤ ਸਿੰਘ, ਫਿਰ ਸਹੀਦੇ – ਆਜਮ, ਇਨਕਲਾਬੀ ਚਿੰਤਕ ਅਤੇ ਕੌਮੀ ਨਾਇਕ ਵਰਗੇ ਵਿਸੇਸਨ ਲਾ ਕੇ ਸੰਬੋਧਤ ਕੀਤਾ ਜਾਣ ਲੱਗਾ। ਸਮਾਂ ਗੁਜਰਨ ਨਾਲ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦੀ ਚਮਕ ਫਿੱਕੀ ਪੈਣ ਦੀ ਬਜਾਏ ਹੋਰ ਲਿਸਕਦੀ ਗਈ। ਹੌਲੀ ਹੌਲੀ ਪੰਜਾਬ ਤੇ ਭਾਰਤ ਦੀਆਂ ਹੱਦਾਂ ਨੂੰ ਪਾਰ ਕਰਦਿਆਂ ਸਹੀਦ ਭਗਤ ਸਿੰਘ ਨੂੰ ਸਮੁੱਚੇ ਭਾਰਤ ਉਪ ਮਹਾਂਦੀਪ ਦੀ ਜਨਤਾ ਲੋਕ ਮੁਕਤੀ ਸੰਘਰਸਾਂ ਦੇ ਨਾਇਕ ਵਜੋਂ ਸਵੀਕਾਰ ਕਰਨ ਲੱਗ ਪਈ ਹੈ ।
ਉਨਾਂ ਕਿਹਾ ਕਿ ਸਾਡੇ ਲਈ ਇਹ ਜਾਣਨਾ ਜਰੂਰੀ ਹੈ ਕਿ ਸਾਮਰਾਜ ਦੇ ਪਿੱਠੂ ਅਤੇ ਜਗੀਰੂ ਸੋਚ ਵਾਲੇ ਪਿਛਾਂਹ ਖਿੱਚੂ ਮੂਲਵਾਦੀ ਅਨਸਰ, ਜਾਹਰ ਹੈ ਹਰ ਇਤਿਹਾਸਕ ਵਰਤਾਰੇ ਤੇ ਸਖਸੀਅਤ ਬਾਰੇ ਆਪਣੇ ਜਮਾਤੀ ਨਜਰੀਏ ਤੇ ਸੁਆਰਥਾਂ ਮੁਤਾਬਿਕ ਹੀ ਸੋਚਣਗੇ ਤੇ ਬੋਲਣਗੇ। ਪਰ ਸ. ਮਾਨ ਯਾਦ ਰੱਖਣ ਕਿ ਇਤਿਹਾਸ ਹਰ ਕਿਸੇ ਦੇ ਲਿਖੇ ਤੇ ਬੋਲੇ ਸਬਦਾਂ ਨੂੰ ਆਪਣੇ ਪੱਲੂ ਵਿਚ ਸਾਂਭ ਰਿਹਾ ਹੈ ਅਤੇ ਇਤਿਹਾਸ ਦੇ ਹਵਾਲੇ ਨਾਲ ਸਾਡੀਆਂ ਅਗਲੀਆਂ ਪੀੜੀਆਂ ਮਾਨ ਵਰਗੇ ਲੋਕਾਂ ਦੀ ਅਸਲੀ ਖਸਲਤ ਤੇ ਕਿਰਦਾਰ ਦੀ ਪੁਣਛਾਣ ਕਰਕੇ ਇੰਨਾਂ ਨੂੰ ਇਤਿਹਾਸ ਦੇ ਕੂੜੇਦਾਨ ਹਵਾਲੇ ਕਰ ਦੇਣਗੀਆਂ।
