ਚੰਡੀਗੜ੍ਹ, ਗੁਰਦਾਸਪੁਰ, 16 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਜਾਅਲੀ ਰਜਿਸਟ੍ਰੇਸ਼ਨ ਦਾ ਪਰਦਾਫਾਸ਼ ਹੋਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿੱਚ ਗ਼ਲਤ ਸਿਹਤ ਮਾਡਲ ਸ਼ੁਰੂ ਕਰਨ ਦੀ ਆਲੋਚਨਾ ਕੀਤੀ।
ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਇਸ ਖ਼ੁਲਾਸੇ ਤੋਂ ਬਾਅਦ ਵਿਸ਼ੇਸ਼ ਆਡਿਟ ਦੇ ਆਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ਦੇ ਇੱਕ ਆਮ ਆਦਮੀ ਕਲੀਨਿਕ ਵਿਚ ਕਥਿਤ ਤੌਰ ‘ਤੇ ਜਾਅਲੀ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਖ਼ਬਰਾਂ ਅਨੁਸਾਰ ਆਪਣੇ ਪ੍ਰਮੁੱਖ ਸਿਹਤ ਪ੍ਰੋਜੈਕਟ ਤਹਿਤ ‘ਆਪ’ ਸਰਕਾਰ ਇਨ੍ਹਾਂ ਕਲੀਨਿਕਾਂ ਵਿੱਚ ਤਾਇਨਾਤ ਡਾਕਟਰਾਂ ਨੂੰ ਪ੍ਰਤੀ ਮਰੀਜ਼ 50 ਰੁਪਏ ਦੀ ਪੇਸ਼ਕਸ਼ ਕਰਦੀ ਹੈ। ਹਾਲਾਂਕਿ, ਇੱਕ ਡਾਕਟਰ ਨੂੰ ਲਗਭਗ 63,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਹੈ। ਇੱਕ ਕਲੀਨੀਕਲ ਸਹਾਇਕ ਅਤੇ ਇੱਕ ਫਾਰਮਾਸਿਸਟ ਨੂੰ ਕ੍ਰਮਵਾਰ 11,000 ਰੁਪਏ ਅਤੇ 12,000 ਰੁਪਏ ਦੀ ਘੱਟੋ ਘੱਟ ਤਨਖ਼ਾਹ ਮਿਲਦੀ ਹੈ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਹਵਾਲੇ ਨਾਲ ਇੱਕ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਮੁਹੱਲਾ ਕਲੀਨਿਕ ਦੇ ਇੱਕ ਡਾਕਟਰ ਨੇ ਐਤਵਾਰ ਨੂੰ ਛੱਡ ਕੇ 3,300 ਮਰੀਜ਼ਾਂ ਦਾ ਇਲਾਜ ਕਰਨ ਦਾ ਦਾਅਵਾ ਕਰ ਕੇ ਹਰ ਮਹੀਨੇ 1.65 ਲੱਖ ਰੁਪਏ ਕਮਾਏ। ਉਨ੍ਹਾਂ ਨੇ 25 ਦਿਨਾਂ ਤੱਕ ਰੋਜ਼ਾਨਾ 132 ਮਰੀਜ਼ਾਂ ਦੀ ਜਾਂਚ ਕੀਤੀ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਕੁਝ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਿਸੇ ਵੱਡੇ ਘੁਟਾਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਪੰਜਾਬ ਵਿੱਚ ਟੈਕਸ ਭਰਨ ਵਾਲਿਆਂ ਦੇ ਪੈਸੇ ਦੀ ਖੁੱਲ੍ਹੀ ਲੁੱਟ ਹੈ। ਬਾਜਵਾ ਨੇ ਕਿਹਾ ਕਿ ਸੂਬੇ ਦੇ ਸਾਰੇ ਮੁਹੱਲਾ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਕਥਿਤ ਘੁਟਾਲੇ ਦੀ ਪੂਰੀ ਜਾਂਚ ਜਾਂ ਵਿਸ਼ੇਸ਼ ਆਡਿਟ ਕੀਤਾ ਜਾਣਾ ਚਾਹੀਦਾ ਹੈ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਜਦੋਂ ਤੋਂ ‘ਆਪ’ ਸਰਕਾਰ ਸੱਤਾ ਵਿੱਚ ਆਈ ਹੈ, ਉਹ ਸੁਚਾਰੂ ਢੰਗ ਨਾਲ ਚੱਲ ਰਹੇ ਸਿਹਤ ਕੇਂਦਰਾਂ ਦੀ ਅਣਦੇਖੀ ਕਰ ਕੇ ਪੰਜਾਬ ਵਿੱਚ ਖ਼ਰਾਬ ਦਿੱਲੀ ਸਿਹਤ ਮਾਡਲ ਨੂੰ ਦੁਹਰਾਉਣ ‘ਤੇ ਤੁਲੀ ਹੋਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੋਂ ‘ਆਪ’ ਸਰਕਾਰ ਨੇ ਆਮ ਆਦਮੀ ਕਲੀਨਿਕ ਅਤੇ ਮੁਹੱਲਾ ਕਲੀਨਿਕਾਂ ਸਮੇਤ ਆਪਣਾ ਪ੍ਰਮੁੱਖ ਪ੍ਰੋਗਰਾਮ ਸ਼ੁਰੂ ਕੀਤਾ ਹੈ, ਉਦੋਂ ਤੋਂ ਇਹ ਕਿਸੇ ਨਾ ਕਿਸੇ ਵਿਵਾਦ ‘ਚ ਫਸਦੀ ਜਾ ਰਹੀ ਹੈ। ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਹਤ ਕੇਂਦਰ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕਰਨ ਅਤੇ ਏਏਸੀ ‘ਤੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਤਸਵੀਰਾਂ ਲਗਾਉਣ ਕਾਰਨ ਰਾਸ਼ਟਰੀ ਸਿਹਤ ਮਿਸ਼ਨ ਤਹਿਤ 800 ਕਰੋੜ ਰੁਪਏ ਦੇ ਫ਼ੰਡ ਜਾਰੀ ਕਰਨਾ ਪਹਿਲਾਂ ਹੀ ਬੰਦ ਕਰ ਦਿੱਤਾ ਹੈ।