ਪਰਿਵਾਰ ਨੂੰ ਇਕ ਕਰੋੜ ਰੁਪਏ ਆਰਥਿਕ ਮੱਦਦ ਤੇ ਫੈਮਲੀ ਪੈਨਸ਼ਨ ਦੇਣ ਦੀ ਮੰਗ
ਮਾਨਸਾ, ਗੁਰਦਾਸਪੁਰ, 15 ਅਕਤੂਬਰ (ਸਰਬਜੀਤ ਸਿੰਘ)– ਅਗਨੀ ਵੀਰ ਸਕੀਮ ਤਹਿਤ ਫੌਜ ‘ਚ ਭਰਤੀ ਹੋਏ ਪਿੰਡ ਕੋਟਲੀ ਕਲਾਂ ਦੇ ਨੌਜਵਾਨ ਅੰਮ੍ਰਿਤ ਪਾਲ ਸਿੰਘ ਦੇ ਜੰਮੂ ਕਸ਼ਮੀਰ ਵਿਚ ਸ਼ਹੀਦ ਹੋ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕਿਹਾ ਹੈ ਕਿ ਇਸ ਸ਼ਹੀਦ ਸੈਨਿਕ ਨੂੰ ਫੌਜ ਵਲੋਂ ਅੰਤਮ ਸੰਸਕਾਰ ਮੌਕੇ ਸਲਾਮੀ ਤੱਕ ਨਾ ਦੇਣ ਤੋਂ, ਅਗਨੀ ਵੀਰ ਸੈਨਿਕਾਂ ਪ੍ਰਤੀ ਕੇਂਦਰ ਸਰਕਾਰ ਦਾ ਮਤਰੇਈ ਮਾਂ ਵਾਲਾ ਰਵਈਆ ਜੱਗ ਜ਼ਾਹਿਰ ਹੋ ਗਿਆ ਹੈ।
ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਇਥੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਕੀਮ ਤਹਿਤ ਸਿਰਫ ਚਾਰ ਸਾਲ ਲਈ ਬਗੈਰ ਪੈਨਸ਼ਨ ਤੇ ਫੌਜੀਆਂ ਨੂੰ ਮਿਲਦੀਆਂ ਹੋਰ ਸਹੂਲਤਾਂ ਦੇ ਥੋੜੀ ਜਹੀ ਉੱਕੀ ਪੁੱਕੀ ਤਨਖਾਹ ਉਤੇ ਭਰਤੀ ਦੀਆਂ ਸ਼ਰਤਾਂ ਤੋਂ ਹੀ ਜ਼ਾਹਰ ਸੀ ਕਿ ਮੋਦੀ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ‘ਭਾੜੇ ਦੇ ਫੌਜੀਆਂ’ ਵਜੋਂ ਵਰਤੇਗੀ। ਹੁਣ ਦਸੰਬਰ 2022 ਵਿਚ ਭਰਤੀ ਹੋਏ ਮਾਪਿਆਂ ਦੇ ਇਸ ਨੌਜਵਾਨ ਇਕਲੋਤੇ ਪੁੱਤ ਦੇ ਸ਼ਹੀਦ ਹੋ ਜਾਣ ‘ਤੇ ਜਿਵੇਂ ਸਰਕਾਰ ਨੇ ਸਿਰਫ ਉਸ ਦੀ ਲਾਸ਼ ਨੂੰ ਘਰ ਪਹੁੰਚਾਉਣ ਨਾਲ ਹੀ ਅਪਣੇ ਫਰਜ਼ ਪੂਰਾ ਹੋਇਆ ਮੰਨ ਲਿਆ, ਉਸ ਤੋਂ ਜ਼ਾਹਰ ਹੈ ਕਿ ਇਸ ਸਕੀਮ ਬਾਰੇ ਦੇਸ ਦੀ ਜਨਤਾ ਦੇ ਮਨਾਂ ਵਿਚ ਜੋ ਖਦਸ਼ੇ ਸਨ, ਉਹ ਸਹੀ ਸਨ। ਬਿਆਨ ਵਿਚ ਪਾਰਟੀ ਨੇ ਫੌਜ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਦੇਸ਼ ਲਈ ਜਾਨ ਦੇਣ ਵਾਲੇ ਹੋਰਨਾਂ ਸੈਨਿਕਾਂ ਵਾਂਗ ਸੈਨਿਕ ਸਨਮਾਨ, ਇਕ ਕਰੋੜ ਰੁਪਏ ਆਰਥਿਕ ਮੱਦਦ, ਫੈਮਲੀ ਪੈਨਸ਼ਨ ਤੇ ਬਾਕੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।