ਅਮਨਦੀਪ ਕੌਰ ਹਾਸ ਕਨੈਡਾ ਤੋਂ ਰੰਗਲਾ ਪੰਜਾਬ ਟੀਵੀ ਦੀ ਜਨਰਲਿਸਟ
ਕਨੈਡਾ, ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– 8, ਅਕਤੂਬਰ 1991 ਨੂੰ ਮੇਰੇ ਪਿਤਾ ਕਾਮਰੇਡ ਪਰਮਿੰਦਰ ਜੀਤ ਸਿੰਘ ਹਾਂਸ ਨੂੰ ਸਾਡੇ ਪਿੰਡ ਹਾਂਸ ਕਲਾਂ ਦੀ ਦਾਣਾ ਮੰਡੀ ਚ ਦੁਪਹਿਰੇ 12 ਵਜੇ ਖਾਲਿਸਤਾਨ ਲਿਬਰੇਸ਼ਨ ਫੋਰਸ ਗੁਰਜੰਟ ਸਿੰਘ ਬੁੱਧ ਸਿੰਘਵਾਲਾ ਦੇ ਗਰੁੱਪ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
ਕਿਉਂ..
ਪਤਾ ਨਹੀਂ
ਉਹ ਹਨੇਰ ਵੰਡਦੀ ਸੰਗੀਨਾਂ ਦੀ ਰੁੱਤ ਸੀ..
ਵੇਲੇ ਦੀ ਹਕੂਮਤ ਦੀ ਪੈਦਾਇਸ਼ ਕਾਲੇ ਦੌਰ ਨੇ ਕਿੰਨੇ ਬੇਕਸੂਰਾਂ ਦੀ ਜ਼ਿੰਦਗੀ ਦਾ ਚਾਨਣ ਹੂੰਝ ਦਿੱਤਾ ਸੀ, ਬਹੁਤ ਸਾਰੇ ਅੱਜ ਵੀ ਹਨੇਰ ਚ ਗੁੰਮੇ ਗੁਆਚੇ ਹੋਏ ਨੇ, ਖਾਸ ਕਰਕੇ ਉਹ ਜਿਹਨਾਂ ਨੂੰ ਹਰ ਧਿਰ ਵੇਲੇ ਮੁਤਾਬਕ ਵਰਤਦੀ ਰਹੀ ਸੀ।
ਖੈਰ.. ਦਿਲਾਂ ਦੇ ਦਰਦ ਨੇ ਕੋਈ ਜਿਗਰੇ ਵਾਲਾ ਤੇ ਜਾਗਦਾ ਸਿਰ ਹੀ ਸਮਝ ਸਕਦਾ ਹੈ..
ਵੈਸੇ ਤਾਂ ਆਪਣੇ ਬਾਪ ਦੇ ਅਸੂਲਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦਿਆਂ ਹਰ ਸਾਹ ਉਹਨਾਂ ਲਈ ਜਿਉਂਦੀ ਹਾਂ, ਪਰ ਸਾਲ ਮਗਰੋਂ ਜਦੋਂ ਵੀ ਇਹ ਦਿਨ ਆਉਂਦਾ ਹੈ ਤਾਂ ਉਹਨਾਂ ਦੇ ਆਖਰੀ ਬੋਲ ਝੁਣਝੁਣੀ ਜਿਹੀ ਛੇਡ਼ ਜਾਂਦੇ ਨੇ..
ਓਸ ਦਿਨ ਸਿਖਰ ਦੁਪਹਿਰੇ ਮੰਡੀ ਜਾਣ ਲੱਗਿਆਂ ਰੋਟੀ ਖਾ ਕੇ ਸਕੂਟਰ ਚੁੱਕ ਕੇ ਘਰ ਦੇ ਦਰਵਾਜ਼ੇ ਚੋਂ ਬਾਹਰ ਕੱਢਦਿਆਂ ਪਹਿਲੀ ਵਾਰ ਉਹਨਾਂ ਪਿੱਛੇ ਮੁਡ਼ ਕੇ ਦੇਖਿਆ, ਆਦਤਨ ਮੈਂ ਹੀ ਦਰਵਾਜਾ਼ ਖੋਲਣਾ ਬੰਦ ਕਰਨਾ ਹੁੰਦਾ ਸੀ, ਮੇਰੇ ਵੱਲ ਮੁਡ਼ ਕੇ ਵੇਖਦਿਆਂ ਕਿਹਾ ਸੀ-
— ਜਿਹਨਾਂ ਦੀ ਕੋਈ ਨਹੀਂ ਸੁਣਦਾ ਉਹਨਾਂ ਨੂੰ ਸਾਡੀ ਲੋਡ਼ ਹੁੰਦੀ ਹੈ, ਆਪਣਾ ਖਿਆਲ ਰੱਖੀਂ, ਹੋਰਨਾਂ ਦਾ ਵੀ ਖਿਆਲ ਰੱਖੀਂ.. ਝੁਕਣਾ ਲਿਫਣਾ ਸਾਡੇ ਲਹੂ ਚ ਨਹੀਂ ਹੈ.. —
ਉਦੋਂ ਬਡ਼ਾ ਅਜੀਬ ਲੱਗਿਆ ਸੀ, ਕਿ ਬਾਪੂ ਹੁਰਾਂ ਨੂੰ ਅੱਜ ਕੀ ਹੋ ਗਿਆ, ਅਚਾਨਕ ਗਿਆਨ ਦਾ ਪਾਠ ਪਡ਼ਾਉਣ ਲੱਗ ਪਏ, ਅਕਸਰ ਇਹ ਗੱਲਾਂ ਉਹ ਕੋਈ ਕਿਤਾਬ , ਮੈਗਜੀ਼ਨ ਪਡ਼ਦਿਆਂ ਘੁੱਟ ਛਿੱਟ ਲਾ ਕੇ ਕਰਿਆ ਕਰਦੇ ਸਨ, ਲਿਖਤ ਦਾ ਸਾਰ ਤੱਤ ਸਾਡੇ ਨਾਲ ਸਾਂਝੇ ਕਰਦਿਆਂ ਅਜਿਹੇ ਬੋਲ ਬੋਲਿਆ ਕਰਦੇ ਸਨ..
ਪਰ ਫੇਰ ਉਹਨਾਂ ਦੇ ਜਾਣ ਤੋਂ ਕੁਝ ਹੀ ਚਿਰ ਮਗਰੋਂ ਰੁਕ ਰੁਕ ਕੇ ਚੱਲੀਆਂ ਗੋਲੀਆਂ ਦੀ ਅਵਾਜ਼ ਆਈ ਤੇ ਕੁਝ ਮਿੰਟਾਂ ਮਗਰੋਂ ਜਦੋਂ ਮੰਡੀ ਚੋਂ ਝੋਨਾ ਹੂੰਝਣ ਗਈ ਗੁਆਂਢਣ ਵੈਣ ਪਾਉਂਦੀ ਦਰਵਾਜ਼ੇ ਮੂਹਰੇ ਦੁਹੱਥਡ਼ ਮਾਰ ਕੇ ਪਿੱਟਣ ਲੱਗੀ ਸੀ ਤਾਂ ਘਰੋੰ ਤੁਰਦੇ ਬਾਪ ਦੇ ਬੋਲ ਸਮਝ ਆ ਗਏ ਸਨ .. ਹਾਲਾਂਕਿ ਉਦੋਂ ਸਮਝਣ ਜੋਗੀ ਉਮਰ ਨਹੀਂ ਸੀ..
ਜਿਸ ਸ਼ਖਸ ਨੂੰ ਪਹਿਲਾਂ ਹੀ ਪਤਾ ਹੋਵੇ ਕਿ 8 ਅਕਤੂਬਰ ਮੇਰੀ ਜਿ਼ੰਦਗੀ ਦਾ ਆਖਰੀ ਦਿਨ ਐਲਾਨਿਆ ਗਿਆ ਹੈ, ਪਰਚੀ ਮੁਤਾਬਕ.. ਓਸ ਸ਼ਖਸ ਦੇ ਚਿਹਰੇ ਤੇ ਕੋਈ ਸ਼ਿਕਨ ਨਹੀ, ਲੁਕਣ ਲਈ ਕੋਈ ਭੋਰਾ ਨਹੀ ਚੁਣਿਆ, ਓਸ ਸ਼ਖਸ ਦਾ ਅੰਸ਼ ਹੋਣ ਦਾ ਹਮੇਸ਼ਾ ਮਾਣ ਰਹੇਗਾ..।
ਤੇ ਮੈਂ ਆਖਰੀ ਦਮ ਤੱਕ
ਕੋਸ਼ਿਸ਼ ਕਰੂੰ ਕਿ ਆਪਣਾ ਨਾ ਸਹੀ, ਹੋਰਨਾਂ ਦਾ ਜਿਹਨਾਂ ਦੀ ਕੋਈ ਨਹੀਂ ਸੁਣਦਾ, ਉਹਨਾਂ ਦਾ ਖਿਆਲ ਰੱਖ ਸਕਾਂ..
ਤੇ ਹਾਂ ਇਹ ਜ਼ਰੂਰ ਹੈ ਕਿ ਖੱਬੀ ਧਿਰ ਜੀਹਦੇ ਨਾਲ ਤੁਰਦਿਆਂ ਮੇਰੇ ਬਾਪ ਨੇ ਜਾਨ ਦਿੱਤੀ , ਉਹਦੇ ਵੱਡੇ ਨੇਤਾਵਾਂ ਦੀ ਸਾਡੇ ਵੱਲੇ ਕੀਤੀ ਕੰਡ ਵੱਲ ਕੰਡ ਕਰਨਾ, ਤੇ ਵਿਅਕਤੀਗਤ ਤੌਰ ਤੇ ਸਾਡੇ ਲਈ ਦਿਨ ਰਾਤ ਡਟਣ ਵਾਲੇ ਸੁਹਿਰਦ ਸੱਜਣਾਂ ਲਈ ਵਕਤ ਬੇਵਕਤ ਨਿਭ ਜਾਣਾ, ਮੇਰੇ ਵਲੋਂ ਆਪਣੇ ਬਾਪ ਨੂੰ ਸ਼ਰਧਾਂਜਲੀ ਹੋਵੇਗੀ।
ਇਹ ਲਿਖਤ ਸ਼ਹੀਦ ਪਰਮਿੰਦਰ ਜੀਤ ਸਿੰਘ ਹਾਂਸ ਦੀ ਬੇਟੀ ਅਮਨਦੀਪ ਕੌਰ ਹਾਂਸ ਦੀ ਲਿਖਤ ਹੈ,ਜੋ ਗ਼ਦਰੀ ਲਹਿਰ ਦੇ ਨਾਇਕ ਅਰਜਨ ਸਿੰਘ ਜਗਰਾਓਂ ਦੀ ਦੋਹਤੀ ਹੈ ਜੋ ਅੱਜਕਲ੍ਹ ਕਨੇਡਾ ਚ ਰੰਗਲਾ ਪੰਜਾਬ ਟੀਵੀ ਦੀ ਜਰਨਲਿਸਟ