ਦਿੱਲੀ, ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)– ਕੱਲ ਸਵੇਰੇ ਦਿੱਲੀ ਪੁਲਸ ਦੀਆਂ ਟੀਮਾਂ ਵੱਲੋਂ ਸੀਨੀਅਰ ਪੱਤਰਕਾਰ ਉਰਮਿਲੇਸ਼, ਅਭਿਸਾਰ ਸ਼ਰਮਾ, ਔਨਿੰਦੋ ਚੱਕਰਵਰਤੀ, ਇਤਿਹਾਸਕਾਰ ਸੁਹੇਲ ਹਾਸ਼ਮੀ ਅਤੇ ਨਿਊਜ਼ਕਲਿੱਕ ਨਾਲ ਸਬੰਧਤ ਪੱਤਰਕਾਰ ਭਾਸ਼ਾ ਸਿੰਘ, ਪਰੰਜੋਏ ਗੁਹਾ ਠਾਕੁਰਤਾ, ਪ੍ਰਬੀਰ ਪੁਰਕਾਯਸਥਾ ਅਤੇ ਇੱਕ ਹੋਰ ਪੱਤਰਕਾਰ ਸੰਜੇ ਰਾਜੌਰਾ ਦੇ ਘਰ ਪੁਲਿਸ ਦੇ ਜਾਣ ਦੀ ਖ਼ਬਰ ਹੈ। ਉਨ੍ਹਾਂ ਦੇ ਮੋਬਾਈਲ ਫ਼ੋਨ, ਲੈਪਟਾਪ, ਹਾਰਡ ਡਿਸਕਾਂ ਅਤੇ ਫਲੈਸ਼ ਡਰਾਈਵਾਂ ਕਬਜ਼ੇ ਵਿਚ ਲਈਆਂ ਗਈਆਂ। ਕਾਰਕੁਨ ਤੀਸਤਾ ਸੇਤਲਵਾੜ ਦੇ ਘਰ ‘ਤੇ ਵੀ ਛਾਪੇਮਾਰੀ ਕਰਨ ਅਤੇ ਉਸ ਤੋਂ ਦਿੱਲੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਕਰਨ ਦੀ ਵੀ ਖ਼ਬਰ ਹੈ। ਉਰਮਲੇਸ਼, ਪਰੰਜੋਏ, ਅਭਿਸਾਰ ਸ਼ਰਮਾ, ਪ੍ਰਾਬੀਰ ਪੁਰਕਾਇਸਥਾ, ਅਨੰਦਿਓ ਚਕਰਾਵਰਤੀ ਅਤੇ ਸਤਿਅਮ ਤਿਵਾੜੀ ਨੂੰ ਪੁੱਛਗਿੱਛ ਲਈ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ ਸਦਰ-ਮੁਕਾਮ ਲਿਜਾਣ ਦੀ ਪੁਸ਼ਟੀ ਹੋਈ ਹੈ।
ਜਾਣਕਾਰੀ ਅਨੁਸਾਰ ਇਹ ਛਾਪਾ ਐਫਆਈਆਰ ਨੰਬਰ 224/2023 (17 ਅਗਸਤ, 2023) ਦੇ ਸਬੰਧ ਵਿਚ ਮਾਰਿਆ ਗਿਆ ਹੈ। ਜੋ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਲੋਕ ਸਭਾ ਵਿੱਚ ਕੀਤੇ ਦਾਅਵੇ ਨੂੰ ਆਧਾਰ ਬਣਾਕੇ ਦਰਜ ਕੀਤੀ ਗਈ ਕਿ ਕਾਂਗਰਸ ਨੇਤਾਵਾਂ ਅਤੇ ਨਿਊਜ਼ਕਲਿੱਕ ਨੂੰ “ਭਾਰਤ ਵਿਰੋਧੀ”ਮਾਹੌਲ ਬਣਾਉਣ ਲਈ ਚੀਨ ਤੋਂ ਪੈਸਾ ਪ੍ਰਾਪਤ ਹੋਇਆ ਸੀ। ਇਸ ਵਿਚ ਯੂਏਪੀਏ ਦੀਆਂ ਧਾਰਾਵਾਂ 13, 16, 17, 18 ਅਤੇ 22 ਦੇ ਨਾਲ-ਨਾਲ 153 (ਏ) (ਧਰਮ, ਨਸਲ ਦੇ ਆਧਾਰ ‘ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣਾ) ਅਤੇ ਭਾਰਤੀ ਦੰਡਾਵਲੀ ਦੀ ਧਾਰਾ 120 (ਬੀ) (ਕਿਸੇ ਅਪਰਾਧ ਕਰਨ ਦੀ ਅਪਰਾਧਿਕ ਸਾਜ਼ਿਸ਼ ਤੋਂ ਇਲਾਵਾ ਕਿਸੇ ਹੋਰ ਅਪਰਾਧਿਕ ਸਾਜ਼ਿਸ਼ ਵਿਚ ਹਿੱਸਾ ਲੈਣਾ) ਆਦਿ ਲਗਾਈਆਂ ਗਈਆਂ ਹਨ।ਦੋਸਤੋ ਮੌਜੂਦਾ ਹਕੂਮਤ ਦੀਆਂ ਗਲਤ ਨੀਤੀਆਂ ਅਤੇ ਪ੍ਰਾਈਵੇਟਸ਼ਨ ਦਾ ਡੱਟ ਕੇ ਵਿਰੋਧ ਕਰਨ ਵਾਲੇ ਝੂਜਾਰੂ ਅਤੇ ਨਿਡਰ ਪੱਤਰਕਾਰਾਂ ਦੇ ਨਾਲ ਕੀਤੇ ਗਏ ਇਸ ਸਭ ਵਾਰਤਾਰੇ ਲਈ ਆਓ ਓਹਨਾ ਸਾਰੇ ਸੱਚ ਦਾ ਹੋਕਾ ਦੇਣ ਵਾਲੇ ਪੱਤਰਕਾਰਾਂ ਦੇ ਜਮੂਹਰੀ ਹੱਕਾਂ ਲਈ ਅਵਾਜ ਬੁਲੰਦ ਕਰੀਏ